ਪੁਲਿਸ ਵਰਦੀ ’ਚ ਲੁਟੇਰਿਆਂ ਨੇ ਭਾਰਤ ਦਾ ਸਿੱਖ ਪਰਿਵਾਰ ਲੁੱਟਿਆ, ਪ੍ਰਕਾਸ਼ ਪੁਰਬ ‘ਚ ਸ਼ਾਮਲ ਹੋਣ ਪੁੱਜਾ ਸੀ ਲਾਹੌਰ

ਲਾਹੌਰ , 1 ਦਸੰਬਰ । ਪਾਕਿਸਤਾਨ ਦੇ ਪੰਜਾਬ ਸੂਬੇ ’ਚ ਲਾਹੌਰ ’ਚ ਇਕ ਸਿੱਖ ਪਰਿਵਾਰ ਨੂੰ ਪੁਲਿਸ ਵਰਦੀ ’ਚ ਆਏ ਲੁਟੇਰਿਆਂ ਨੇ ਲੁੱਟ ਲਿਆ। ਕੰਵਲਜੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਭਾਰਤ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਲਈ ਇੱਥੇ ਪੁੱਜਾ ਸੀ। ਸਾਰੇ ਬੁੱਧਵਾਰ ਨੂੰ ਖਰੀਦਦਾਰੀ ਲਈ ਲਿਬਰਟੀ ਮਾਰਕੀਟ ਗਏ ਸਨ। ਜਦੋਂ ਉਹ ਇਕ ਦੁਕਾਨ ਤੋਂ ਬਾਹਰ ਨਿਕਲੇ ਤਾਂ ਵਰਦੀ ਪਾ ਕੇ ਆਏ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕਿਆ ਤੇ ਬੰਦੂਕ ਦਾ ਡਰ ਦਿਖਾ ਕੇ ਨਕਦੀ ਤੇ ਗਹਿਣੇ ਲੁੱਟ ਲਏ।

ਪੁਲਿਸ ਬੁਲਾਰੇ ਨੇ ਕਿਹਾ ਕਿ ਉੱਥੇ ਮੌਜੂਦ ਸਥਾਨਕ ਲੋਕ ਉਨ੍ਹਾਂ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਲੈ ਕੇ ਗਏ। ਸਿੱਖ ਪਰਿਵਾਰ ਨਾਲ ਉੱਥੋਂ ਦੇ ਡੀਆਈਜੀ ਨੇ ਮੁਲਾਕਾਤ ਕੀਤੀ ਤੇ ਭਰੋਸਾ ਦਿੱਤਾ ਕਿ ਅਪਰਾਧੀਆਂ ਨੂੰ ਛੇਤੀ ਫੜ ਲਿਆ ਜਾਵੇਗਾ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਿੱਖ ਪਰਿਵਾਰ ਨਾਲ ਹੋਈ ਇਸ ਘਟਨਾ ’ਚ ਲਾਹੌਰ ਪੁਲਿਸ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ’ਚ ਗੰਭੀਰਤਾ ਵਰਤਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਆਸਪਾਸ ਦੇ ਸੀਸੀਟੀਵੀ ਫੁੱਟੇਜ ਦੀ ਮਦਦ ਨਾਲ ਸ਼ੱਕੀ ਦੀ ਪੱਛਾਣ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਨੂੰ 48 ਘੰਟਿਆਂ ਦਾ ਸਮਾਂ ਦਿੱਤਾ ਹੈ।

About The Author