ਨਰਸਾਂ ਲਈ ਮੁਫ਼ਤ ਕੋਰਸ ਦੀ ਸ਼ੁਰੂਆਤ ਸਤੰਬਰ ਦੇ ਪਹਿਲੇ ਹਫ਼ਤੇ ਤੋਂ, ਚਾਹਵਾਨ ਉਮੀਦਵਾਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਵਿਖੇ ਕਰ ਸਕਦੇ ਹਨ ਸੰਪਰਕ : ਵਧੀਕ ਡਿਪਟੀ ਕਮਿਸ਼ਨਰ
![](https://timespunjab.com/wp-content/uploads/2021/08/download-2-15.jpg)
ਜਲੰਧਰ, 23 ਅਗਸਤ 2021 : ਨਰਸਾਂ ਦੇ ਕਿੱਤਾ ਮੁੱਖੀ ਹੁਨਰ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਏਮਜ਼, ਬਠਿੰਡਾ ਵਿਖੇ ਨਰਸਾਂ ਲਈ ਸਤੰਬਰ 2021 ਦੇ ਪਹਿਲੇ ਹਫ਼ਤੇ ਤੋਂ ਮੁਫ਼ਤ ਕੋਰਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਿਮਾਂਸ਼ੂ ਜੈਨ ਨੇ ਦੱਸਿਆ ਗਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਨਰਸਾਂ ਦੇ ਕਿੱਤਾ ਮੁਖੀ ਹੁਨਰ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਕਰਨਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਉਮੀਦਵਾਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫ਼ਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲਾ ਲੈਣ ਲਈ ਉਮੀਦਵਾਰ ਦੀ 60 ਪ੍ਰਤੀਸ਼ਤ ਨਾਲ ਬੀ.ਐਸ.ਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ ਪਾਸ 60 ਪ੍ਰਤੀਸ਼ਤ ਨੰਬਰਾਂ ਨਾਲ ਜੀ.ਐਨ.ਐਮ ਨਰਸਿੰਗ ਕੋਰਸ ਦੇ ਨਾਲ 2 ਸਾਲ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੋਰਸ ਪੂਰਾ ਕਰਨ ਉਪਰੰਤ ਉਮੀਦਵਾਰ ਨੂੰ ਸਰਟੀਫਿਕੇਟ ਏਮਜ਼ ਬਠਿੰਡਾ ਵੱਲੋ ਦਿੱਤਾ ਜਾਵੇਗਾ ਅਤੇ ਸਰਟੀਫਾਈਡ ਨਰਸਾਂ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਪੰਜਾਬ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਨੌਕਰੀ ਦਿੱਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਦੇ ਯੋਗ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਵਿਖੇ ਮੋਬਾਇਲ ਨੰ. 98786-60673 ‘ਤੇ ਸੰਪਰਕ ਕਰ ਸਕਦੇ ਹਨ।