ਸਮੱਗਰ ਸਿੱਖਿਆ ਅਭਿਆਨ ਤਹਿਤ 136 ਦਿਵਿਆਂਗ ਬੱਚਿਆਂ ਨੂੰ ਵੀਲ੍ਹ ਚੇਅਰ, ਟਰਾਈ ਸਾਈਕਲ, ਬਨਾਵਟੀ ਅੰਗ, ਕੰਨਾਂ ਦੀਆਂ ਮਸ਼ੀਨਾਂ ਅਤੇ ਫਹੁੜੀਆਂ ਮੁਫ਼ਤ ਵੰਡੀਆਂ
ਬਟਾਲਾ, 23 ਅਗਸਤ 2021 : ਸਿੱਖਿਆ ਵਿਭਾਗ ਵੱਲੋਂ ਸਮੱਗਰ ਸਿੱਖਿਆ ਅਭਿਆਨ ਤਹਿਤ ਅੱਜ ਸਰਕਾਰੀ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ ਵਿਖੇ ਦਿਵਿਆਂਗ ਬੱਚਿਆਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਦਨ ਲਾਲ ਸ਼ਰਮਾਂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ, ਪ੍ਰਿੰਸੀਪਲ ਧਰਮਪੁਰਾ ਸਕੂਲ ਬਲਵਿੰਦਰ ਕੌਰ, ਬੀ.ਪੀ.ਈ.ਓ. ਪੋਹਲਾ ਸਿੰਘ, ਵਲੰਟੀਅਰ ਸਤਨਾਮ ਸਿੰਘ, ਗਗਨਦੀਪ ਸਿੰਘ, ਸਤਪਾਲ ਮਸੀਹ, ਮੈਡਮ ਸ਼ਿਖਾ, ਮਨਜਿੰਦਰ ਕੌਰ ਅਤੇ ਅੰਕੁਰ ਮਲਿਕ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਸਮੱਗਰ ਸਿੱਖਿਆ ਅਭਿਆਨ ਕੈਂਪ ਵਿੱਚ ਸਿੱਖਿਆ ਵਿਭਾਗ ਦੇ 5 ਬਲਾਕਾਂ ਜਿਨ੍ਹਾਂ ਵਿੱਚ ਬਟਾਲਾ-1 ਤੇ 2, ਕਾਦੀਆਂ 1 ਤੇ 2 ਅਤੇ ਸ੍ਰੀ ਹਰਗੋਬਿੰਦਪੁਰ ਦੇ 136 ਵਿਸ਼ੇਸ਼ ਲੋੜਾਂ ਵਾਲੇ ਬੱਚੇ ਸ਼ਾਮਲ ਹੋਏ। ਕੈਂਪ ਦੌਰਾਨ 136 ਦਿਵਿਆਂਗ ਬੱਚਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਵੀਲ੍ਹ ਚੇਅਰ, ਟਰਾਈ ਸਾਈਕਲ, ਬਨਾਵਟੀ ਅੰਗ, ਕੰਨਾਂ ਦੀਆਂ ਮਸ਼ੀਨਾਂ ਅਤੇ ਫਹੁੜੀਆਂ ਆਦਿ ਮੁਫ਼ਤ ਵੰਡੀਆਂ ਗਈਆਂ। ਇਸ ਦੌਰਾਨ ਮਾਹਿਰ ਡਾਕਟਰਾਂ ਨੇ ਦਿਵਿਆਂਗ ਬੱਚਿਆਂ ਦਾ ਮੈਡੀਕਲ ਮੁਆਇਨਾ ਵੀ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਮਦਨ ਲਾਲ ਸ਼ਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੱਗਰ ਸਿੱਖਿਆ ਅਭਿਆਨ ਤਹਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਲਗਾਏ ਜਾ ਰਹੇ ਅਜਿਹੇ ਕੈਂਪ ਬਹੁਤ ਕਾਰਗਰ ਸਾਬਤ ਹੋ ਰਹੇ ਹਨ ਅਤੇ ਇਨ੍ਹਾਂ ਕੈਂਪਾਂ ਦੇ ਜਰੀਏ ਦਿਵਿਆਂਗ ਬੱਚਿਆਂ ਨੂੰ ਡਾਕਟਰੀ ਸਹਾਇਤਾ ਮਿਲਣ ਦੇ ਨਾਲ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਿਵਿਆਂਗ ਵਿਦਿਆਰਥੀ ਦਾ ਡਾਕਟਰੀ ਇਲਾਜ ਹੋ ਸਕਦਾ ਹੈ ਤਾਂ ਸਿੱਖਿਆ ਵਿਭਾਗ ਵੱਲੋਂ ਉਹ ਵੀ ਮੁਫ਼ਤ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਦਿਵਿਆਂਗ ਵਿਦਿਆਰਥੀ ਕਿਸੇ ਵੀ ਤਰਾਂ ਆਪਣੇ ਆਪ ਨੂੰ ਦੂਜੇ ਬੱਚਿਆਂ ਤੋਂ ਘੱਟ ਨਾ ਸਮਝਣ ਇਸ ਲਈ ਵਿਭਾਗ ਵੱਲੋਂ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਕਰਨ ਦੇ ਨਾਲ ਉਨ੍ਹਾਂ ਨੂੰ ਮੁਫ਼ਤ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਮਾਹਿਰਾਂ ਡਾਕਟਰਾਂ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਗਾਈਡ ਵੀ ਕੀਤਾ ਗਿਆ ਹੈ ਜਿਸ ਤਹਿਤ ਉਹ ਆਪਣੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖ ਕੇ ਅਤੇ ਵਿਸ਼ੇਸ਼ ਕਸਰਤਾਂ ਕਰਾ ਕੇ ਉਨ੍ਹਾਂ ਨੂੰ ਠੀਕ ਕਰ ਸਕਦੇ ਹਨ।