ਮੁਕੇਸ਼ ਅੰਬਾਨੀ ਬਣੇ ਸਭ ਤੋਂ ਅਮੀਰ ਭਾਰਤੀ, 57 ਫ਼ੀਸਦੀ ਘਟ ਕੇ 4.74 ਲੱਖ ਕਰੋੜ ’ਤੇ ਆਈ ਗੌਤਮ ਅਡਾਨੀ ਦੀ ਜਾਇਦਾਦ
ਮੁੰਬਈ, 11 ਅਕਤੂਬਰ | ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਨੂੰ ਪਛਾੜ ਕੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। 360 ਵਨ ਹੈਲਥ ਹੁਰੂਨ ਇੰਡੀਆ ਰਿਚ ਲਿਸਟ 2023 ਅਨੁਸਾਰ ਪਿਛਲੇ ਇਕ ਸਾਲ ’ਚ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਦੋ ਫ਼ੀਸਦੀ ਵਧ ਕੇ 8.08 ਲੱਖ ਕਰੋੜ ਰੁਪਏ ਹੋ ਗਈ ਹੈ। ਉੱਥੇ ਹੀ ਗੌਤਮ ਅਡਾਨੀ ਦੀ ਜਾਇਦਾਦ 57 ਫ਼ੀਸਦੀ ਘਟ ਕੇ 4.74 ਲੱਖ ਕਰੋੜ ਰੁਪਏ ਰਹਿ ਗਈ ਹੈ।
ਹੁਰੂਨ ਦੀ ਤਾਜ਼ਾ ਸੂਚੀ ’ਚ 138 ਸ਼ਹਿਰਾਂ ਦੇ 1,319 ਅਮੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਸੂਚੀ 30 ਅਗਸਤ ਤੱਕ ਦੀ ਜਾਇਦਾਦ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। ਟੀਕੇ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸਾਇਰਸ ਪੂਨਾਵਾਲਾ ਦੇਸ਼ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਰਹੇ ਹਨ। ਉਨ੍ਹਾਂ ਦੀ ਜਾਇਦਾਦ 36 ਫ਼ੀਸਦੀ ਵਧ ਕੇ 2.78 ਲੱਖ ਕਰੋੜ ਰੁਪਏ ਰਹੀ ਹੈ। ਐੱਚਸੀਐੱਲ ਟੈਕਨੋਲੋਜੀ ਦੇ ਸੰਸਥਾਪਕ ਸ਼ਿਵ ਨਾਡਰ 2.28 ਲੱਖ ਕਰੋੜ ਦੀ ਜਾਇਦਾਦ ਨਾਲ ਚੌਥੇ ਸਥਾਨ ’ਤੇ ਬਰਕਰਾਰ ਰਹੇ ਹਨ। ਉਨ੍ਹਾਂ ਦੀ ਜਾਇਦਾਦ ’ਚ 23 ਫ਼ੀਸਦੀ ਦਾ ਵਾਧਾ ਰਿਹਾ ਹੈ। ਟਾਪ-10 ’ਚ ਸ਼ਾਮਲ ਹੋਰ ਅਮੀਰਾਂ ’ਚ ਗੋਪੀਚੰਦ ਹਿੰਦੂਜਾ ਪੰਜਵੇਂ, ਦਲੀਪ ਸਾਂਘਵੀ ਛੇਵੇਂ, ਐੱਲਐੱਨ ਮਿੱਤਲ ਸੱਤਵੇਂ, ਰਾਧਾਕਿਸ਼ਨ ਦਮਾਨੀ ਅੱਠਵੇਂ, ਕੁਮਾਰ ਮੰਗਲਮ ਬਿਰਲਾ ਨੌਵੇਂ ਤੇ ਨੀਰਜ ਬਜਾਜ ਦਸਵੇਂ ਥਾਂ ’ਤੇ ਰਹੇ ਹਨ। ਰਾਧਾਕਿਸ਼ਨ ਦਮਾਨੀ ਦੀ ਜਾਇਦਾਦ 18 ਫ਼ੀਸਦੀ ਘਟ ਕੇ 1.43 ਲੱਖ ਕਰੋੜ ਰੁਪਏ ਰਹੀ ਹੈ। ਜੋਹੋ ਦੀ ਰਾਧਾ ਵੈਂਬੂ ਨਾਇਕਾ ਦੀ ਸੰਸਥਾਪਕ ਫਾਲਗੁਨੀ ਨਾਇਰ ਨੂੰ ਪਛਾੜ ਕੇ ਸਭ ਤੋਂ ਅਮੀਰ ਔਰਤ ਬਣ ਗਈ ਹੈ। ਇਸ ਸੂਚੀ ’ਚ ਜੇਪਟੋ ਦੇ ਕੇਵਲਿਆ ਵੋਹਰਾ ਸਭ ਤੋਂ ਘੱਟ ਉਮਰ ਦੇ ਅਮੀਰ ਹਨ। ਪ੍ਰੀਸਿਸ਼ਨ ਵਾਇਰਜ਼ ਇੰਡੀਆ ਦੇ ਮਹਿੰਦਰ ਰਤੀਲਾਲ ਮਹਿਤਾ ਪਹਿਲੀ ਵਾਰ ਇਸ ਸੂਚੀ ’ਚ ਸ਼ਾਮਲ ਹੋਏ ਹਨ।
ਹਰ ਤਿੰਨ ਹਫ਼ਤੇ ’ਚ ਬਣੇ ਦੋ ਨਵੇਂ ਅਰਬਪਤੀ
ਹੁਰੂਨ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਭਾਰਤ ’ਚ ਅਰਬਪਤੀਆਂ ਦੀ ਸੂਚੀ ’ਚ ਹਰ ਤਿੰਨ ਹਫ਼ਤੇ ਦੋ ਨਵੇਂ ਅਰਬਪਤੀ ਸ਼ਾਮਲ ਹੋਏ ਹਨ ਤੇ ਹੁਣ ਦੇਸ਼ ’ਚ ਅਰਬਪਤੀਆਂ ਦੀ ਗਿਣਤੀ ਵਧ ਕੇ 259 ਹੋ ਗਈ ਹੈ। ਪਿਛਲੇ 12 ਸਾਲਾਂ ’ਚ ਅਰਬਪਤੀਆਂ ਦੀ ਗਿਣਤੀ ’ਚ 4.4 ਗੁਣਾ ਵਾਧਾ ਰਿਹਾ ਹੈ। ਹੁਰੂਨ ਅਨੁਸਾਰ ਪਿਛਲੇ 24 ਸਾਲਾਂ ’ਚ 51 ਅਮੀਰਾਂ ਦੀ ਜਾਇਦਾਦ ਦੁੱਗਣੀ ਵਧੀ ਹੈ। 328 ਅਮੀਰਾਂ ਨਾਲ ਮੁੰਬਈ ਪਹਿਲੇ ਅਤੇ 199 ਨਾਲ ਦਿੱਲੀ ਦੂਜੇ ਸਥਾਨ ’ਤੇ ਰਹੀ ਹੈ। 100 ਅਮੀਰਾਂ ਨਾਲ ਬੈਂਗਲੁਰੂ ਪਹਿਲੀ ਵਾਰ ਤੀਜੇ ਸਥਾਨ ’ਤੇ ਪਹੁੰਚਿਆ ਹੈ। ਸਭ ਤੋਂ ਜ਼ਿਆਦਾ ਅਮੀਰਾਂ ਵਾਲੇ ਟਾਪ-20 ਸ਼ਹਿਰਾਂ ’ਚ ਤਾਮਿਲਨਾਡੂ ਦਾ ਹੋਜ਼ਰੀ ਟਾਊਨ ਤਿਰਪੂਰ ਪਹਿਲੀ ਵਾਰ ਸ਼ਾਮਲ ਹੋਇਆ ਹੈ।
ਸੂਚੀ ’ਚ 84 ਸਟਾਰਟਅਪ ਸੰਸਥਾਪਕ ਵੀ ਸ਼ਾਮਲ
ਹੁਰੂਨ ਦੀ 2023 ਦੀ ਅਮੀਰਾਂ ਦੀ ਸੂਚੀ ’ਚ 84 ਸਟਾਰਟਅਪ ਸੰਸਥਾਪਕ ਵੀ ਸ਼ਾਮਲ ਹਨ ਤੇ ਸਾਂਝੇ ਰੂਪ ’ਚ ਇਨ੍ਹਾਂ ਦੀ ਕੁੱਲ ਜਾਇਦਾਦ 4.23 ਲੱਖ ਕਰੋੜ ਰੁਪਏ ਹੈ। ਇਨ੍ਹਾਂ ਸਾਰੇ ਸੰਸਥਾਪਕਾਂ ਦੀ ਔਸਤ ਉਮਰ ਕਰੀਬ 41 ਸਾਲ ਹੈ। ਪ੍ਰੀਸਿਸ਼ਨ ਵਾਇਰਜ਼ ਇੰਡੀਆ ਦੇ ਮਹਿੰਦਰ ਰਤੀਲਾਲ ਮਹਿਤਾ ਪਹਿਲੀ ਵਾਰ ਇਸ ਸੂਚੀ ’ਚ ਸ਼ਾਮਲ ਹੋਏ ਹਨ। ਰਤੀਲਾਲ ਦੀ ਉਮਰ 94 ਸਾਲ ਹੈ। ਟਾਟਾ ਸਮੂਹ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਦੇ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਸਭ ਤੋਂ ਜ਼ਿਆਦਾ 1.26 ਕਰੋੜ ਫਾਲੋਅਰ ਹਨ। 1.08 ਕਰੋੜ ਫਾਲੋਅਰਜ਼ ਨਾਲ ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਆਨੰਦ ਮਹਿੰਦਰਾ ਦੂਜੇ ਸਥਾਨ ’ਤੇ ਹਨ।
