ਮਾਨ ਸਰਕਾਰ ਨੇ ਜਿੰਨਾ ਕੰਮ 11 ਮਹੀਨਿਆਂ ‘ਚ ਕੀਤਾ, ਇਸ ਦਾ 11 ਫੀਸਦੀ ਵੀ ਪਹਿਲਾਂ ਕਦੇ ਨਹੀਂ ਹੋਇਆ   :   ਜਿੰਪਾ

0

–  ਪਹਿਲੇ ਸਾਲ ਤੋਂ ਹੀ ਗਾਰੰਟੀਆਂ ਨੂੰ ਸਫਲਤਾਪੂਰਵਕ ਕੀਤਾ ਲਾਗੂ

–  ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ

ਚੰਡੀਗੜ੍ਹ,  15  ਫਰਵਰੀ   2023   :   ਪੰਜਾਬ ਦੇ ਮਾਲ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਿੰਨਾ ਕੰਮ 11 ਮਹੀਨਿਆਂ ਵਿਚ ਕਰ ਦਿੱਤਾ ਹੈ, ਇਸ ਦਾ 11 ਫੀਸਦੀ ਕੰਮ ਵੀ ਪਿਛਲੀਆਂ ਸਰਕਾਰਾਂ ਨੇ ਆਪਣੇ ਰਾਜ ਦੌਰਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਵਾਅਦਾ ਚੋਣਾਂ ਦੌਰਾਨ ਕੀਤੇ ਜਾਂਦੇ ਹਨ ਉਨ੍ਹਾਂ ‘ਚੋਂ ਕਿਸੇ-ਕਿਸੇ ਵਾਅਦੇ ਦੀ ਪੂਰਤੀ ਲਈ ਪਿਛਲੇ 6 ਮਹੀਨਿਆਂ ਵਿਚ ਅਸਫਲ ਯਤਨ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ ਪਰ ਮੁੱਖ ਮੰਤਰੀ ਨੇ ਚੋਣਾਂ ਦੌਰਾਨ ਜੋ ਗਾਰੰਟੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਨ ਉਨ੍ਹਾਂ ਦੀ ਪੂਰਤੀ ਪਹਿਲੇ ਸਾਲ ਤੋਂ ਹੀ ਕਰ ਦਿੱਤੀ ਗਈ ਹੈ।

ਜਿੰਪਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਿਚ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਕਿਸਾਨ ਭਲਾਈ, ਅਧਿਆਪਕਾਂ ਨੂੰ ਵਿਦੇਸ਼ਾਂ ‘ਚ ਟ੍ਰੇਨਿੰਗ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਸਸਤਾ ਰੇਤਾ, ਸ਼ਹੀਦਾਂ ਦਾ ਮਾਣ-ਤਾਣ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੇਣ ਵਰਗੀਆਂ ਗਾਰੰਟੀਆਂ ਨੂੰ ਪਹਿਲੇ ਸਾਲ ਦੇ ਮੁੱਢਲੇ ਮਹੀਨਿਆਂ ਵਿਚ ਹੀ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਗਾਰੰਟੀਆਂ ਦੀ ਪੂਰਤੀ ਲਈ ਵੀ ਪੰਜਾਬ ਸਰਕਾਰ ਸਾਕਾਰਾਤਮਕ ਤਰੀਕੇ ਨਾਲ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਭਲਾਈ ਲਈ ਮਾਨ ਸਰਕਾਰ ਵਚਨਬੱਧ ਹੈ ਅਤੇ ਅਸੀਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਵੱਧ ਰਹੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢਣ ਲਈ ਅਤੇ ਵਿਦੇਸ਼ਾਂ ਵਿਚ ਜਾਣ ਤੋਂ ਰੋਕਣ ਲਈ ਸੂਬੇ ਵਿਚ ਵਧੇਰੇ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 11 ਮਹੀਨਿਆਂ ਵਿਚ 26,100 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਜਿੰਪਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਵੀ ਜਲਦ ਹੀ 3 ਦਰਜਨ ਦੇ ਕਰੀਬ ਨਵੇਂ ਜੇ.ਈਜ਼ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਅਤੇ ਸੁਸ਼ਾਸ਼ਨ ਦੇਣਾ ਮਾਨ ਸਰਕਾਰ ਦੀ ਪਹਿਲ ਹੈ। ਚੰਗੀਆਂ ਸਿਹਤ ਸਹੂਲਤਾਂ ਅਤੇ ਸ਼ਾਨਦਾਰ ਸਿੱਖਿਆ ਦੇਣ ਨਾਲ ਜਿੱਥੇ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋ ਰਿਹਾ ਹੈ, ਉੱਥੇ ਹੀ ਪ੍ਰਸ਼ਾਸ਼ਨ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਨਾਲ ਸੂਬੇ ਦੀ ਸਾਖ ਵਧੀ ਹੈ ਅਤੇ ਨਵੇਂ ਨਿਵੇਸ਼ਕਾਰ ਸੂਬੇ ‘ਚ ਜ਼ਿਆਦਾ ਸਨਅਤਾਂ ਸਥਾਪਤ ਕਰਨ ਲਈ ਦਿਲਚਸਪੀ ਦਿਖਾ ਰਹੇ ਹਨ। ਜਿੰਪਾ ਨੇ ਕਿਹਾ ਕਿ ਮਾਨ ਸਰਕਾਰ ਦੀ ਨੇਕ ਨੀਅਤ ਅਤੇ ਇਮਾਨਦਾਰੀ ਸਦਕਾ ਪੰਜਾਬ ਜਲਦ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੋਹੇਗਾ।

About The Author

Leave a Reply

Your email address will not be published. Required fields are marked *

You may have missed