ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿਖਾਇਆ ਭਾਈਚਾਰੇ ਤੇ ਫ਼ਿਰਕੂ ਸਦਭਾਵਨਾ ਦਾ ਮਾਰਗ ਅਜੋਕੇ ਪਦਾਰਥਵਾਦੀ ਸੰਸਾਰ ਵਿੱਚ ਵੀ ਪ੍ਰਸੰਗਿਕ  :   ਮੁੱਖ ਮੰਤਰੀ

0

–    ਪ੍ਰਕਾਸ਼ ਪੁਰਬ ਸਬੰਧੀ ਰਾਜ ਭਵਨ ਵਿਖੇ ਕਰਵਾਏ ਸਮਾਗਮ ਵਿੱਚ ਕੀਤੀ ਸ਼ਿਰਕਤ

–    ਰਾਜ ਵਿੱਚ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੀ ਕੀਤੀ ਕਾਮਨਾ

ਚੰਡੀਗੜ੍ਹ, 10   ਨਵੰਬਰ   2022  :   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਚਾਰਿਆ ਭਾਈਚਾਰੇ ਅਤੇ ਫਿਰਕੂ ਸਦਭਾਵਨਾ ਦਾ ਸੰਕਲਪ ਸਮਕਾਲੀ ਪਦਾਰਥਵਾਦੀ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਸੰਗਿਕ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਪੰਜਾਬ ਰਾਜ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਕੀਦਤ ਭੇਟ ਕਰਨ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਹਿਬ ਜੀ ਮਹਾਨ ਅਧਿਆਤਮਿਕ ਆਗੂ ਸਨ, ਜਿਨ੍ਹਾਂ ਨੇ ਧਰਮ ਪ੍ਰਚਾਰ ਰਾਹੀਂ ਮਨੁੱਖਤਾ ਦੀ ਮੁਕਤੀ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੀਆਂ ਸਦੀਵੀ ਸਿੱਖਿਆਵਾਂ ਅਜੋਕੇ ਪਦਾਰਥਵਾਦੀ ਸਮਾਜ ਵਿੱਚ ਪ੍ਰਸੰਗਿਕ ਹਨ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਵੇਂ ਵਿਚਾਰਾਂ ਅਤੇ ਉਦੇਸ਼ਾਂ ਨਾਲ ਪ੍ਰੇਰਿਤ ਕੀਤਾ ਅਤੇ ਪਾਖੰਡ, ਝੂਠ, ਦਿਖਾਵੇ ਅਤੇ ਜਾਤ-ਪਾਤ ਦੀਆਂ ਵਲ਼ਗਣਾਂ ਤੋਂ ਉੱਪਰ ਉੱਠਣ ਦਾ ਸੁਨੇਹਾ ਦਿੱਤਾ।

ਲੋਕਾਂ ਨੂੰ ਗੁਰੂ ਸਾਹਿਬ ਦੁਆਰਾ ਦਰਸਾਈ ਸੇਵਾ ਅਤੇ ਨਿਮਰਤਾ ਦੀ ਭਾਵਨਾ ਨੂੰ ਗ੍ਰਹਿਣ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਰਹਿਤ ਸਮਾਜ ਦੀ ਕਲਪਨਾ ਕੀਤੀ ਤਾਂ ਕਿ ਦੁੱਖਾਂ ਨਾਲ ਪਰੁੰਨੀ ਮਨੁੱਖਤਾ ਨੂੰ ਤਕਲੀਫ਼ਾਂ ਤੋਂ ਮੁਕਤ ਕਰਵਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਉਦਾਸੀਆਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਵਿਸ਼ਵ ਭਰ ਵਿੱਚ ਜਗਤ ਗੁਰੂ ਵਜੋਂ ਸਤਿਕਾਰਿਆ ਜਾਂਦਾ ਹੈ, ਨੇ ਭਾਈਚਾਰਕ ਸਾਂਝ ਅਤੇ ਫ਼ਿਰਕੂ ਸਦਭਾਵਨਾ ਦਾ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਜੁਲਮ, ਅਨਿਆਂ ਅਤੇ ਅੱਤਿਆਚਾਰ ਦਾ ਡਟ ਕੇ ਵਿਰੋਧ ਕੀਤਾ।

ਗੁਰਬਾਣੀ ਦੀ ਤੁਕ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਨੇ ਹਵਾ ਦੀ ਗੁਰੂ ਨਾਲ, ਪਾਣੀ ਦੀ ਪਿਤਾ ਨਾਲ ਅਤੇ ਧਰਤ ਦੀ ਮਾਤਾ ਨਾਲ ਤੁਲਨਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਗੁਰੂ ਜੀ ਨੇ ਉਸ ਸਮੇਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਦਾ ਉਪਦੇਸ਼ ਦਿੱਤਾ ਸੀ, ਜਦੋਂ ਇਸ ਦਾ ਪ੍ਰਦੂਸ਼ਣ ਕਿਤੇ ਵੀ ਨਹੀਂ ਸੀ, ਜਿਸ ਤੋਂ ਉਨ੍ਹਾਂ ਦੀ ਦੂਰਅੰਦੇਸ਼ ਸੋਚ ਦਾ ਪਤਾ ਲੱਗਦਾ ਹੈ।

ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਰਾਜਪਾਲ ਅਤੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਜੀ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਨੂੰ ਮਨਾਉਣ ਲਈ ਹਮੇਸ਼ਾ ਮੋਹਰੀ ਰਹੇ ਹਨ।

ਇਸ ਮੌਕੇ ‘ਤੇ ਨਿੱਘੀ ਵਧਾਈ ਦਿੰਦੇ ਹੋਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ‘ਤੇ ਜ਼ੋਰ ਦਿੱਤਾ। ਗੁਰੂ ਸਾਹਿਬ ਦੇ ਜੀਵਨ ਬਾਰੇ ਸੰਖੇਪ ਝਾਤ ਪਾਉਂਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਦੇ ਸ਼ੁਰੂਆਤੀ ਸਾਲ ਇਹ ਦਰਸਾਉਂਦੇ ਹਨ ਕਿ ਉਨ੍ਹਾਂ ਨੂੰ ਰੱਬੀ ਬਖਸ਼ਿਸ਼ ਸੀ।

About The Author

Leave a Reply

Your email address will not be published. Required fields are marked *

You may have missed