ਜੋਗਿੰਦਰ ਮਾਨ ਨੇ ਮੁੱਖ ਮੰਤਰੀ ਨੂੰ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਕੀਤੀ ਅਪੀਲ
– ਫਗਵਾੜਾ ਦੇ ਸਰਵਪੱਖੀ ਵਿਕਾਸ ਲਈ ਵਿਆਪਕ ਪੈਕੇਜ ਦੀ ਮੰਗ ਕੀਤੀ
ਫਗਵਾੜਾ, 1 ਨਵੰਬਰ 2022 : ਪੰਜਾਬ ਦੇ ਸਾਬਕਾ ਮੰਤਰੀ ਸ੍ਰੀ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੇ ਨਾਲ-ਨਾਲ ਸਬ ਡਵੀਜ਼ਨ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।
ਜੋਗਿੰਦਰ ਮਾਨ ਨੇ ਸ਼ਹਿਰ ਦੇ ਦੌਰੇ ਦੌਰਾਨ ਫਗਵਾੜਾ ਦੀ ਭਲਾਈ ਲਈ 14 ਮੰਗਾਂ ਮੁੱਖ ਮੰਤਰੀ ਨੂੰ ਸੌਂਪੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਫਗਵਾੜਾ ਪੰਜਾਬ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਪਰ ਪ੍ਰਸ਼ਾਸਨਿਕ ਕੰਮਾਂ ਕਾਰਨ ਵਸਨੀਕਾਂ ਨੂੰ 40 ਕਿਲੋਮੀਟਰ ਤੋਂ ਵੱਧ ਦੂਰ ਕਪੂਰਥਲਾ, ਜੋ ਕਿ ਇਸ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ, ਜਾਣਾ ਪੈਂਦਾ ਹੈ। ਇਸ ਲਈ ਉਨ੍ਹਾਂ ਨੇ ਸ੍ਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਫਗਵਾੜਾ ਨੂੰ ਇਸ ਵਿੱਚ ਫਿਲੌਰ, ਗੁਰਾਇਆ, ਨਕੋਦਰ ਅਤੇ ਐਸਬੀਐਸ ਨਗਰ ਦੇ ਕੁਝ ਹੋਰ ਹਿੱਸਿਆਂ ਨੂੰ ਸ਼ਾਮਲ ਕਰਕੇ ਜ਼ਿਲ੍ਹਾ ਬਣਾਇਆ ਜਾਵੇ।
ਉਨ੍ਹਾਂ ਫਗਵਾੜਾ ਦੇ ਸਰਵਪੱਖੀ ਵਿਕਾਸ ਲਈ 101 ਕਰੋੜ ਰੁਪਏ ਦੀ ਗ੍ਰਾਂਟ ਦੀ ਵੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਗਵਾੜਾ ਦੇ ਸਰਵਪੱਖੀ ਵਿਕਾਸ ਲਈ ਸਮਾਰਟ ਸਿਟੀ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। ਜੋਗਿੰਦਰ ਮਾਨ ਨੇ ਇਹ ਵੀ ਕਿਹਾ ਕਿ ਖਾਟੀ ਭਗਵਾਨ ਪਰਸ਼ੂਰਾਮ ਜੀ ਨਾਲ ਸਬੰਧਤ ਫਗਵਾੜਾ ਸਬ ਡਵੀਜ਼ਨ ਵਿੱਚ ਪੈਂਦਾ ਇਤਿਹਾਸਕ ਪਿੰਡ ਹੈ, ਪੰਜਾਬ ਸਰਕਾਰ ਨੂੰ ਪਿੰਡ ਅਤੇ ਧਾਰਮਿਕ ਸਥਾਨ ਦੇ ਵਿਕਾਸ ਲਈ 5 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਗੜਬੜੀ ਕਾਰਨ ਜ਼ਿਆਦਾਤਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪਿਆ ਹੈ। ਅਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਕੈਰੀਅਰ ਨੂੰ ਬਰਬਾਦ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਗਵਾੜਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ.ਬੀ.ਆਰ.ਅੰਬੇਦਕਰ ਦੀ ਯਾਦ ਵਿੱਚ ਇੱਕ ਅਤਿ ਆਧੁਨਿਕ ਕਨਵੈਨਸ਼ਨ ਸੈਂਟਰ ਬਣਾਇਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨਾਲ ਸਬੰਧਤ ਇਕ ਪਵਿੱਤਰ ਅਸਥਾਨ ਖਾਟੀ, ਪਿੰਡ ਚੱਕ ਹਕੀਮ, ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਸਦੀਆਂ ਪੁਰਾਣਾ ਮੰਦਰ ਹੈ ਅਤੇ ਛੇਵੇਂ ਸਿੱਖ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਗੁਰਦੁਆਰਾ ਸੁਖਚੈਨਆਣਾ ਸਾਹਿਬ ਤੇ ਇਕ ਧਾਰਮਿਕ ਸੈਰ ਸਪਾਟਾ ਸਰਕਟ ਬਣਾਇਆ ਜਾਵੇ ਜਿਸ ਨਾਲ ਫਗਵਾੜਾ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਮਿਲੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਲਈ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਿੱਟੀ ਬੇਈਂ ਜੋ ਨਸੀਰਾਬਾਦ ਤੋਂ ਮਹੇੜੂ ਤੱਕ ਫਗਵਾੜਾ ਵਿੱਚ ਦਾਖਲ ਹੁੰਦੀ ਹੈ, ਹਰ ਸਾਲ ਬਹੁਤ ਤਬਾਹੀ ਮਚਾਉਂਦੀ ਹੈ, ਉਨ੍ਹਾਂ ਕਿਹਾ ਕਿ ਇਸ ਬੇਈਂ ਨਾਲ ਹਰ ਸਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੁੰਦਾ ਹੈ, ਇਸ ਲਈ ਇਸ ਨੂੰ ਪਹਿਲ ਦੇ ਆਧਾਰ ‘ਤੇ ਚੈਨਲਾਇਜ ਕੀਤਾ ਜਾਵੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਗਵਾੜਾ ਦੇ ਮੌਜੂਦਾ ਸਿਵਲ ਹਸਪਤਾਲ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤਾ ਜਾਵੇ ਅਤੇ ਮੱਖ ਮੰਤਰੀ ਵੱਲੋਂ ਐਲਾਨੇ ਟਰਾਮਾ ਸੈਂਟਰ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਫਗਵਾੜਾ ਵਿੱਚ ਇੱਕ ਪ੍ਰਮੁੱਖ ਸਰਕਾਰੀ ਕਾਲਜ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਕੇ ਨੌਜਵਾਨਾਂ ਲਈ ਸਵੈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਫਗਵਾੜਾ ਵਿਖੇ ਸਰਕਾਰੀ ਪੌਲੀਟੈਕਨਿਕ/ਆਈ.ਟੀ.ਆਈ. ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਫਗਵਾੜਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਬਹੁਤ ਸਾਰੇ ਨਵੇਂ ਇਲਾਕੇ ਬਣ ਚੁੱਕੇ ਹਨ, ਇਸ ਲਈ ਸ਼ਹਿਰ ਵਿੱਚ 100 ਫੀਸਦੀ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਵੇ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਪੇਂਡੂ ਸੜਕੀ ਨੈੱਟਵਰਕ ਨੂੰ ਅਪਗ੍ਰੇਡ ਅਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਯਾਤਰੀਆਂ ਨੂੰ ਲਾਭ ਪਹੁੰਚ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਫਗਵਾੜਾ ਉਦਯੋਗ ਦਾ ਧੁਰਾ ਹੈ ਇਸ ਲਈ ਫਗਵਾੜਾ ਵਿੱਚ ਇੱਕ ਵਿਸ਼ੇਸ਼ ਆਰਥਿਕ ਜ਼ੋਨ (SEZ) ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਥਾਨਕ ਉਦਯੋਗਾਂ ਨੂੰ ਰਿਆਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
