ਖੇਡਾਂ ਵਤਨ ਪੰਜਾਬ ਦੀਆਂ-2022  :   ਸਿਹਤ ਮੰਤਰੀ ਜੌੜਾਮਾਜਰਾ ਵੱਲੋਂ ਰਾਜ ਪੱਧਰੀ ਕਬੱਡੀ ਮਹਾਂਕੁੰਭ ਦਾ ਆਗਾਜ਼

0

–    ‘ਖੇਡਾਂ ਵਤਨ ਪੰਜਾਬ ਦੀਆਂ’ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਵੱਲ ਵੱਧਦਾ ਕਦਮ-ਜੌੜਾਮਾਜਰਾ

–     ਭਗਵੰਤ ਮਾਨ ਸਰਕਾਰ ਸੰਭਾਲੇਗੀ ਖਿਡਾਰੀਆਂ ਦੀ ਪਨੀਰੀ-ਗੁਰਲਾਲ ਘਨੌਰ

–     ਰਾਜ ਭਰ ਤੋਂ ਆਏ ਕਬੱਡੀ ਖਿਡਾਰੀਆਂ ਨੇ ਨੈਸ਼ਨਲ ਤੇ ਸਰਕਲ ਸਟਾਇਲ ਕਬੱਡੀ ‘ਚ ਦਿਖਾਏ ਜੌਹਰ

ਪਟਿਆਲਾ,   15  ਅਕਤੂਬਰ   2022   :   ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਦਾ ਆਗ਼ਾਜ਼ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਰਵਾਇਆ। ਉਨ੍ਹਾਂ ਦੇ ਨਾਲ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਗੁਲਜ਼ਾਰੀ ਮੂਣਕ, ਕੁਲਵੰਤ ਭਲਵਾਨ ਤੇ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਅਜੀਤਾ ਵੀ ਮੌਜੂਦ ਸਨ।

ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਇਸ ਮਹਾਂਕੁੰਭ ਵਿੱਚ ਰਾਜ ਭਰ ਤੋਂ ਆਏ ਸਾਡੇ ਹੋਣਹਾਰ ਕਬੱਡੀ ਖਿਡਾਰੀਆਂ ਨੂੰ ਦੇਖਕੇ ਮਨ ਬਾਗੋ-ਬਾਗ ਹੋ ਗਿਆ ਹੈ ਅਤੇ ਇਹ ਖੇਡਾਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵੇ ਰੰਗਲੇ ਪੰਜਾਬ ਨੂੰ ਸੱਚ ਸਾਬਤ ਕਰਨ ਵੱਲ ਵੱਧਦੇ ਕਦਮ ਸਾਬਤ ਹੋ ਰਹੀਆਂ ਹਨ।

ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲੇ ਅਦਾਰਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਪ੍ਰੰਤੂ ਪਹਿਲੀ ਵਾਰ ਆਮ ਲੋਕਾਂ ਦੀ ਪੰਜਾਬ ਵਿੱਚ ਬਣੀ ਸਰਕਾਰ, ਪੰਜਾਬੀ ਯੂਨੀਵਰਸਿਟੀ ਸਮੇਤ ਹੋਰ ਅਦਾਰਿਆਂ ਦਾ ਖੁੱਸਿਆ ਰੁਤਬਾ ਬਹਾਲ ਕਰ ਰਹੀ ਹੈ।

ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਓਲੰਪੀਅਨ, ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ਦੇ ਖਿਡਾਰੀਆਂ ਦੀ ਪਨੀਰੀ ਪੈਦਾ ਕਰਨਗੀਆਂ, ਜਿਸ ਨੂੰ ਭਗਵੰਤ ਮਾਨ ਸਰਕਾਰ ਸੰਭਾਲੇਗੀ। ਗੁਰਲਾਲ ਘਨੌਰ ਨੇ ਕਿਹਾ ਕਿ ਇਹ ਖੇਡਾਂ ਕਰਵਾ ਕੇ ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਮੀਤ ਹੇਅਰ ਤੇ ਖੇਡ ਵਿਭਾਗ ਨੇ ਸਪੋਰਟਸ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਕਬੱਡੀ ਮਹਾਂਕੁੰਭ ਮੌਕੇ ਰਾਜ ਭਰ ਤੋਂ 8 ਵਰਗਾਂ ਦੇ 14 ਤੋਂ 17 ਸਾਲ ਅਤੇ 18 ਤੋਂ 41 ਸਾਲ ਤੱਕ ਦੇ 5000 ਦੇ ਕਰੀਬ ਨੈਸ਼ਨਲ ਅਤੇ ਸਰਕਲ ਸਟਾਇਲ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ।

ਇਸ ਮੌਕੇ ਡਾਇਰੈਕਟਰ ਈ.ਐਮ.ਆਰ.ਸੀ. ਦਲਜੀਤ ਅਮੀ, ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ, ਦਲਜੀਤ ਸਿੰਘ ਰੰਧਾਵਾ, ਜੂਡੋ ਦੇ ਕੌਮਾਂਤਰੀ ਖਿਡਾਰੀ ਨਵਜੋਤ ਧਾਲੀਵਾਲ, ਭਲਵਾਨ ਰਣਧੀਰ ਸਿੰਘ ਸਮੇਤ ਕਬੱਡੀ ਕੋਚ, ਖਿਡਾਰੀ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

About The Author

Leave a Reply

Your email address will not be published. Required fields are marked *