ਮੁੱਖ ਚੋਣ ਅਫ਼ਸਰ ਨੇ ਸਟਰਾਂਗ ਰੂਮਾਂ ਦੀ ਕੀਤੀ ਚੈਕਿੰਗ

-ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰੋਟੋਕਾਲ ਦੀ ਕੀਤੀ ਜਾ ਰਹੀ ਹੈ ਪਾਲਣਾ : ਡਾ. ਐਸ.ਕਰੁਣਾ ਰਾਜੂ

-ਕਿਹਾ, ਸੂਬੇ ’ਚ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਇਆ ਗਿਆ ਮਤਦਾਨ, ਗਿਣਤੀ 10 ਮਾਰਚ ਨੂੰ

-ਆਦਰਸ਼ ਚੋਣ ਜਾਬਤੇ ਨਾਲ ਸਬੰਧਤ ਪ੍ਰਾਪਤ ਹੋਈਆਂ 22 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, 3 ਹਜ਼ਾਰ ਤੋਂ ਵੱਧ ਐਫ.ਆਈ.ਆਰ. ਹੋਈਆਂ ਦਰਜ

ਹੁਸ਼ਿਆਰਪੁਰ, 24 ਫਰਵਰੀ 2022 : ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਵੀਰਵਾਰ ਨੂੰ ਰਿਆਤ-ਬਾਹਰਾ ਇੰਸਟੀਚਿਊਟ ਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ.) ਹੁਸ਼ਿਆਰਪੁਰ ਵਿਖੇ ਬਣਾਏ ਸਟਰਾਂਗ ਰੂਮਾਂ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਐਸ.ਪੀ. ਸ੍ਰੀ ਧਰੁਮਨ ਐਚ.ਨਿੰਬਾਲੇ ਵੀ ਮੌਜੂਦ ਸਨ।

ਸਟਰਾਂਗ ਰੂਮ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਲਈ ਰਿਆਤ-ਬਾਹਰਾ ਇੰਸਟੀਚਿਊਟ ਵਿਖੇ 6 ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਇਕ ਵਿਧਾਨ ਸਭਾ ਹਲਕੇ ਦਾ ਸਟਰਾਂਗ ਰੂਮ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ  ਦੀਆਂ ਹਦਾਇਤਾਂ ਅਨੁਸਾਰ ਦੋਵੇਂ ਥਾਵਾਂ ’ਤੇ ਸੁਰੱਖਿਆ ਸਬੰਧੀ ਪ੍ਰੋਟੋਕਾਲ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਥੇ ਸੈਂਟਰ ਆਰਮਡ ਪੁਲਿਸ ਫੋਰਸ (ਸੀ.ਏ.ਪੀ.ਐਫ.) ਨੂੰ ਤਾਇਨਾਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਰੇ ਸਟਰਾਂਗ ਰੂਮਾਂ ਦੀ ਬਰੀਕੀ ਨਾਲ 24 ਘੰਟੇ ਨਿਗਰਾਨੀ ਰੱਖਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਐਲ.ਈ.ਡੀ. ਸਕਰੀਨਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਉਮੀਦਵਾਰਾਂ ਲਈ ਸਟਰਾਂਗ ਰੂਮਾਂ ਤੋਂ ਬਾਹਰ ਪੰਡਾਲ ਲਗਾ ਕੇ ਐਲ.ਈ.ਡੀ. ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਇਸ ਲਈ ਸਾਰੇ ਉਮੀਦਵਾਰ ਸਮੇਂ-ਸਮੇਂ ’ਤੇ ਸੁਰੱਖਿਆ ਪ੍ਰਬੰਧ ਦੇਖਦੇ ਰਹਿਣ।

ਡਾ. ਐਸ. ਕਰੁਣਾ ਰਾਜੂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਵਾਰ ਚੋਣ ਪ੍ਰਕਿਰਿਆ ਵਿਚ ਕੋਵਿਡ-19 ਪ੍ਰੋਟੋਕਾਲ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਰੇ ਸੂਬੇ ਵਿਚ ਹੁਣ ਤੱਕ ਆਦਰਸ਼ ਚੋਣ ਜ਼ਾਬਤੇ (ਐਮ.ਸੀ.ਸੀ.) ਨਾਲ ਸਬੰਧਤ 22 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 16 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਸੀ-ਵਿਜ਼ਲ, 3000 ਦੇ ਕਰੀਬ ਸ਼ਿਕਾਇਤਾਂ ਟੋਲ ਫਰੀ ਨੰਬਰ 1950 ਅਤੇ ਬਾਕੀ ਸ਼ਿਕਾਇਤਾਂ ਹੋਰ ਮਾਧਿਅਮ ਰਾਹੀਂ ਪ੍ਰਾਪਤ ਹੋਈਆਂ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਨਿਸ਼ਚਿਤ ਸਮੇਂ ਵਿਚ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਨਾਲ ਸਬੰਧਤ 3 ਹਜ਼ਾਰ ਤੋਂ ਵੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ  ਪੋਲਿੰਗ    ਡੇਅ ਦੌਰਾਨ 33 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਮਾਮਲੇ ਨਾਰਕੋਟਿਕਸ, ਐਕਸਾਈਜ਼ ਆਦਿ ਨਾਲ ਸਬੰਧਤ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਈ.ਵੀ.ਐਮਜ਼ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਆਜ਼ਾਦ, ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਕਰਵਾਈਆਂ ਗਈਆਂ ਹਨ ਅਤੇ 10 ਮਾਰਚ ਨੂੰ ਵੀ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ, ਦਸੂਹਾ, ਉੜਮੁੜ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ੍ਹਸ਼ੰਕਰ ਲਈ ਸਟਰਾਂਗ ਰੂਮ ਰਿਆਤ-ਬਾਹਰਾ ਇੰਸਟੀਚਿਊਟ ਵਿਖੇ ਬਣਾਏ ਗਏ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਲਈ ਸਟਰਾਂਗ ਰੂਮ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 7 ਵਿਧਾਨ ਸਭਾ ਹਲਕਿਆਂ ਲਈ ਬਣਾਏ ਸਟਰਾਂਗ ਰੂਮਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ, ਐਸ.ਪੀ. ਸ੍ਰੀ ਅਸ਼ਵਨੀ ਕੁਮਾਰ, ਚੋਣ ਤਹਿਸੀਲਦਾਰ ਸ੍ਰੀ ਹਰਮਿੰਦਰ ਸਿੰਘ ਵੀ ਮੌਜੂਦ ਸਨ।

About The Author

error: Content is protected !!