ਪੰਜਵੇਂ ਦਿਨ ਦਾਖ਼ਲ ਹੋਈਆਂ 559 ਨਾਮਜ਼ਦਗੀਆਂ

ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਆਖਰੀ ਮਿਤੀ

ਚੰਡੀਗੜ੍ਹ, 31 ਜਨਵਰੀ 2022 : 

ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਐਨਕੋਰ ਸਾਫਟਵੇਅਰ `ਤੇ ਉਪਲਬਧ ਅੰਕੜਿਆਂ ਅਨੁਸਾਰ ਪੰਜਵੇਂ ਦਿਨ ਸੂਬੇ ਵਿੱਚ ਸਿਰਫ਼ 559 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ।

ਨਾਮਜ਼ਦਗੀ ਦੇ ਪਹਿਲੇ ਚਾਰ ਦਿਨਾਂ ਦੋਰਾਨ 619 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ, ਹੁਣ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 1178 ਹੋ ਗਈ ਹੈ।

ਡਾ.ਰਾਜੂ ਨੇ ਦੱਸਿਆ ਕਿ 1 ਫਰਵਰੀ 2022 ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਹੈ।

ਡਾ: ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ `ਨੋਅ ਯੂਅਰ ਕੈਂਡੀਡੇਟ` ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ `ਤੇ ਵੀ ਉਪਲਬਧ ਹੈ।

About The Author

error: Content is protected !!