ਕਰੀਬ 01 ਕਰੋੜ 73 ਲੱਖ ਨਾਲ ਬਣਨ ਵਾਲੀ ਚਨਾਰਥਲ ਮਾਰਕਿਟ ਕਮੇਟੀ ਦੀ ਨਵੀਂ ਇਮਾਰਤ ਤੇ ਕਿਸਾਨ ਘਰ ਦੇ ਕੰਮ ਦੀ ਸ਼ੁਰੂਆਤ
ਫ਼ਤਹਿਗੜ੍ਹ ਸਾਹਿਬ, 31 ਅਗਸਤ 2021 : ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਖੇਤੀਬਾੜੀ ਸਬੰਧੀ ਮੰਡੀਕਰਨ ਪ੍ਰਬੰਧ ਨੂੰ ਹੋਰ ਬਿਹਤਰ ਬਨਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮਾਰਕਿਟ ਕਮੇਟੀ ਦੀ ਨਵੀ ਇਮਾਰਤ, ਮੰਡੀਆਂ ਦੇ ਪੱਕੇ ਫੜ੍ਹ, ਮੰਡੀਆਂ ਵਿੱਚ ਸ਼ੈਡ, ਮੰਡੀਆਂ ਦੀਆਂ ਸੜਕਾਂ ਤੇ ਹੋਰ ਸਹੂਲਤਾਂ ਸਬੰਧੀ ਵੱਡੀ ਗਿਣਤੀ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ, ਚਨਾਰਥਲ ਦੇ ਚੈਅਰਮੈਨ ਬਲਜਿੰਦਰ ਸਿੰਘ ਅਤਾਪੁਰ ਤੇ ਵਾਇਸ ਚੇਅਰਮੈਨ ਇੰਦਰਪਾਲ ਸਿੰਘ ਚਨਾਰਥਲ ਨੇ
ਕਰੀਬ 01 ਕਰੋੜ 73 ਲੱਖ ਨਾਲ ਬਣਨ ਵਾਲੀ ਚਨਾਰਥਲ ਮਾਰਕਿਟ ਕਮੇਟੀ ਦੀ ਨਵੀਂ ਇਮਾਰਤ ਤੇ ਕਿਸਾਨ ਘਰ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ 05 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਦੇ ਪੂਰੇ ਹੋਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਇਮਾਰਤ ਵਿੱਚ ਮਾਰਕਿਟ ਕਮੇਟੀ ਦੇ ਅਹੁਦੇਦਾਰਾਂ ਦੇ ਦਫ਼ਤਰਾਂ ਸਮੇਤ ਕਿਸਾਨਾਂ ਤੇ ਆੜ੍ਹਤੀਆਂ ਲਈ ਉਚੇਚੇ ਤੌਰ ਉਤੇ ਜਗ੍ਹਾ ਤਿਆਰ ਕੀਤੀ ਜਾਵੇਗੀ, ਜਿੱੱਥੇ ਬੈਠ ਕੇ ਉਹ ਆਪਣੇ ਮਸਲੇ ਵਿਚਾਰ ਤੇ ਹੱਲ ਕਰਵਾ ਸਕਿਆ ਕਰਨਗੇ। ਇਸ ਸਹੂਲਤ ਨਾਲ ਮਾਰਕਿਟ ਕਮੇਟੀ ਦੀ ਕਾਰਜ ਪ੍ਰਣਾਲੀ ਵਿੱਚ ਹੋਰ ਤੇਜ਼ੀ ਆਵੇਗੀ ਤੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਦੂਰ ਹੋਣਗੀਆਂ।
ਉਹਨਾਂ ਦੱਸਿਆ ਕਿ ਵੱਖ ਵੱਖ ਮੰਡੀਆਂ ਵਿੱਚ ਨਵੇਂ ਪੱਕੇ ਫੜ੍ਹ, ਸ਼ੈਡ, ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਸੀਵਰੇਜ ਸਬੰਧੀ ਦਿੱਕਤਾਂ ਦੂਰ ਕੀਤੀਆਂ ਗਈਆਂ ਹਨ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੰਡੀਕਰਨ ਪ੍ਰਬੰਧ ਨੂੰ ਹੋਰ ਬਿਹਤਰ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਐੱਸ.ਡੀ.ਓ ਮੰਡੀ ਬੋਰਡ ਸਤਨਾਮ ਸਿੰਘ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਲੇਖਾਕਾਰ ਭੀਮ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।