ਔਰਤਾਂ ਨੂੰ ਵੋਟਰ ਵਜੋਂ ਜਾਗਰੂਕ ਅਤੇ ਸਸ਼ਕਤ ਬਣਨ ਦੀ ਲੋੜ – ਕੋਮਲ ਮਿੱਤਲ
ਹੁਸ਼ਿਆਰਪੁਰ , 29 ਮਾਰਚ | ਅਜੋਕੇ ਸਮੇਂ ਵਿਚ ਔਰਤਾਂ ਨੂੰ ਵੋਟਰ ਵਜੋਂ ਜਾਗਰੂਕ ਅਤੇ ਸਸ਼ਕਤ ਬਣਨ ਦੀ ਬੇਹੱਦ ਲੋੜ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਵਿਖੇ ‘ਵੋਟਰ ਜਾਗਰੂਕਤਾ ਨਾਲ ਨਾਰੀ ਸ਼ਕਤੀਕਰਨ’ ਵਿਸ਼ੇ ਉੱਤੇ ਕਰਵਾਏ ਰਾਸ਼ਟਰੀ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਗੈਰ ਸਰਕਾਰੀ ਸੰਸਥਾ ‘ਏ ਫੋਰ ਸੀ ਦਸੂਹਾ’ ਵੱਲੋਂ “ਗ੍ਰੀਨ ਪਲੈਨਟ’ ਸੰਸਥਾ ਜਲੰਧਰ ਅਤੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਮੌਕੇ ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਔਰਤਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਔਰਤਾਂ ਪੰਚ ਸਰਪੰਚ ਬਣ ਜਾਣ ਦੇ ਬਾਵਜੂਦ ਆਪਣੇ ਅਧਿਕਾਰਾਂ ਦਾ ਸਹੀ ਇਸਤੇਮਾਲ ਨਹੀਂ ਕਰਦੀਆਂ, ਇਸ ਲਈ ਉਨ੍ਹਾਂ ਨੂੰ ਆਪਣੀ ਭੂਮਿਕਾ ਪਹਿਚਾਨਣ ਦੀ ਲੋੜ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਹਾਇਕ ਕਮਿਸ਼ਨਰ ਦਿਵਿਆ ਪੀ ਆਈ.ਏ.ਐਸ ਅਤੇ ਗ੍ਰੀਨ ਪਲੈਨਟ ਸੰਸਥਾ ਦੇ ਫਾਊਂਡਰ ਤੇ ਚੇਅਰਮੈਨ ਡਾ. ਕਮਲਜੀਤ ਸਿੰਘ ਨੇ ਵੀ ਵੋਟਰ ਜਾਗਰੂਕਤਾ ਅਤੇ ਨਾਰੀ ਸਸ਼ਕਤੀਕਰਨ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਨਾਰੀ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਨਾਲ- ਨਾਲ ਵੋਟਰ ਦੇ ਤੌਰ ‘ਤੇ ਵੀ ਮਜ਼ਬੂਤ ਹੋਣਾ ਹੋਵੇਗਾ ਤੇ ਰਾਜਨੀਤਿਕ ਪ੍ਰਕਿਰਿਆ ਵਿਚ ਆਪਣੀ ਭੂਮਿਕਾ ਪਹਿਚਾਨਣੀ ਹੋਵੇਗੀ।
ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ।
ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟਸ ਹੁਸ਼ਿਆਰਪੁਰ ਦੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਆਏ ਮਹਿਮਾਨਾਂ ਦਾ ਮੰਚ ਤੋਂ ਰਸਮੀ ਸਵਾਗਤ ਕੀਤਾ। ਐਨ.ਜੀ.ਓ “ਏ ਫੋਰ ਸੀ” ਦਸੂਹਾ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਆਏ ਮਹਿਮਾਨਾਂ ਅਤੇ ਵਿਸ਼ੇ ਤੋਂ ਜਾਣੂ ਕਰਵਾਇਆ।
ਇਸ ਮੌਕੇ ਰਿਆਤ ਬਾਹਰਾ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਨੂੰ ਲੈ ਕੇ ਇਕ ਸਕਿਟ ਵੀ ਪੇਸ਼ ਕੀਤੀ ਗਈ ਅਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੇ ਪ੍ਰੋਫੈਸਰ ਡਾ. ਕੁਲਵੰਤ ਰਾਣਾ ਦੀ ਲਿਖੀ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਵੀ ਅਦਾ ਕੀਤੀ ਗਈ।
ਇਸ ਮੌਕੇ ਆਏ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਜੋਤਸਨਾ ਵੱਲੋਂ ਨਿਭਾਈ ਗਈ।