ਜ਼ਿਲ੍ਹਾ ਵਾਸੀਆਂ ਦੇ ਘਰਾਂ ਦੀ ਰਸੋਈ ਤੱਕ ਪਹੁੰਚਿਆ ਵੋਟਰ ਜਾਗਰੂਕਤਾ ਅਭਿਆਨ

ਹੁਸ਼ਿਆਰਪੁਰ , 25 ਮਈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਵੱਖ-ਵੱਖ ਮਾਧਿਆਮ ਨਾਲ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਇਸੇ ਕੜੀ ਵਿਚ ਸਵੀਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਹੋਰ ਉਪਰਾਲਾ ਕਰਦੇ ਹੋਏ ਗੈਸ ਸਿਲੰਡਰਾਂ ’ਤੇ ਵੋਟਰ ਜਾਗਰੂਕਤਾ ਟੈਗ ਲਗਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੈਸ ਸਿਲੰਡਰਾਂ ’ਤੇ ਵੋਟਰ ਜਾਗਰੂਕਤਾ ਟੈਗ ਲਗਾ ਕੇ ਗੈਸ ਸਿਲੰਡਰਾਂ ਦੀ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਸ ਸਿੰਲਡਰ ਹੁਣ ਤੱਕ ਰਸੋਈ ਵਿਚ ਭੋਜਨ ਬਣਾਉਣ ਦੇ ਕੰਮ ਹੀ ਆਉਂਦਾ ਰਿਹਾ ਹੈ, ਪਰੰਤੂ ਹੁਣ ਇਹ ਜ਼ਿਲ੍ਹੇ ਭਰ ਵਿਚ ਵੋਟਰਾਂ ਨੂੰ ਵੋਟ ਪਾਉਣ ਲਈ ਵੀ ਜਾਗਰੂਕ ਕਰੇਗਾ। ਉਨ੍ਹਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਪਹਿਲ ਹੁਣ ਘਰਾਂ ਦੀ ਰਸੋਈ ਤੱਕ ਪਹੁੰਚੇਗੀ ਅਤੇ ਇਸ ਦਾ ਸਾਧਨ ਗੈਸ ਸਿਲੰਡਰ ਬਣੇਗਾ। ਉਨ੍ਹਾਂ ਕਿਹਾ ਕਿ ਸਵੀਪ ਦੀਆਂ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਇਹ ਅਨੌਖੀ ਪਹਿਲ ਕੀਤੀ ਗਈ ਹੈ।

           ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ-2024 ਲਈ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਵਿਚ ਆਪਣੇ ਵੋਟ ਦਾ ਇਸਤੇਮਾਲ ਜ਼ਰੂਕ ਕਰਨ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਉਤਸਵ ਹੈ। ਇਸ ਉਤਸਵ ਵਿਚ ਸਾਰੇ ਵੋਟਰਾਂ ਨੂੰ ਆਪਣੇ ਹਿੱਸੇਦਾਰੀ ਦਿਖਾਉਣੀ ਹੈ। ਲੋਕਤੰਤਰ ਦੇ ਮਹਾਨ ਯਗਿਆ ਵਿਚ ਸ਼ਾਮਲ ਹੋ ਕੇ ਉਸਤਵ ਵਿਚ ਸਾਰੇ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

          ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਸਹਾਇਕ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਵੀਰ ਸਿੰਘ, ਐਕਸੀਅਨ ਕੁਲਦੀਪ ਸਿੰਘ, ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ, ਨੀਰਜ ਧੀਮਾਨ ਵੀ ਮੌਜੂਦ ਸਨ।  

About The Author