ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਅਗਵਾਈ ‘ਚ ਪ੍ਰਸ਼ਾਸਨ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਲੁਧਿਆਣਾ , 16 ਜਨਵਰੀ | ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਤੇ ਨਕੇਲ ਪਾਉਣ ਲਈ ਹੁਣ ਤੋਂ ਹੀ ਤਿਆਰੀ ਖਿੱਚ ਲਈ ਗਈ ਹੈ ਜਿਸਦੇ ਤਹਿਤ ਅੱਜ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਬੱਸੀਆਂ, ਹਠੂਰ, ਰਸੂਲਪੁਰ ਆਦਿ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਨਾਲ ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ ਵਲੋਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਸਲਾਂ ਦੀ ਨਾੜ ਨੂੰ ਅੱਗ ਲਾਉਣਾ ਕੁਦਰਤ ਨਾਲ ਖਿਲਵਾੜ ਕਰਨਾ ਹੈ ਅਤੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸਾਨੂੰ ਸਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਇਸ ਮੌਕੇ ਮਾਲ ਵਿਭਾਗ, ਖੇਤੀਬਾੜੀ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਬੇਸ਼ੱਕ ਭਾਰੀ ਗਿਰਾਵਟ ਆਈ ਹੈ ਪਰ ਹਾਲੇ ਇਸ ਵਿੱਚ ਹੋਰ ਸੁਧਾਰ ਲਿਆਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਬੱਸੀਆਂ, ਹਠੂਰ ਅਤੇ ਰਸੂਲਪੁਰ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਿੱਥੇ ਬਾਕੀ ਪਿੰਡਾਂ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਇਜਾਫਾ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਕਿਸਾਨਾਂ ਪਾਸੋਂ ਪਰਾਲੀ ਸਾੜਨ ਦੇ ਕਾਰਨ ਜਾਂ ਮਜ਼ਬੂਰੀ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿੱਚ ਕਾਨੂੰਨ ਬੇਹੱਦ ਸਖ਼ਤ ਹੈ ਸਾਨੂੰ ਇਸਦਾ ਬਦਲ ਲੱਭਣਾ ਲਾਜ਼ਮੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਕਿਸਾਨਾਂ ਦੀ ਹਰ ਸੰਭਵ ਲਈ ਤੱਤਪਰ ਹੈ ਅਤੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਬਿਨ੍ਹਾਂ ਸਾੜੇ ਜਜਬ ਕਰਨ ਵਿੱਚ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਸਲਾਂ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਅਜਿਹਾ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਵਾਤਾਵਰਨ ਵੀ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਤੀ ਟਨ ਪਰਾਲੀ ਪਿਛੇ ਮਿੱਟੀ ਵਿਚ ਨਾਈਟਰੋਜਨ ਸਾਢੇ 5 ਕਿਲੋ, ਫਾਸਫੋਰਸ 2.3 ਕਿਲੋ, ਜੈਵਿਕ ਅਰਬਨ 400 ਕਿਲੋ ਅਤੇ ਸਲਫਰ 1.2 ਅਤੇ 50 ਤੋਂ 70 ਫੀਸਦੀ ਖੁਰਾਕੀ ਤੱਤ ਖਰਾਬ ਹੋ ਜਾਂਦੇ ਹਨ। ਇਸ ਦੇ ਨਾਲ-ਨਾਲ 70 ਫੀਸਦੀ ਕਾਰਬਨਆਕਸਾਈਡ, 7 ਫੀਸਦੀ ਕਾਰਬਨ ਮੋਨੋ ਆਕਸਾਈਡ, ਸਲਫਰ ਆਕਸਾਈਡ, 2.09 ਫੀਸਦੀ ਨਾਈਟਰੀਕ ਆਕਸਾਈਡ ਅਤੇ 0.66 ਮੈਥੀਲੀਨ ਆਦਿ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ, ਜੋ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਨਾਲ ਮਨੁੱਖਾਂ ਅਤੇ ਜੀਵ ਜੰਤੂਆਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਪ੍ਰਬੰਧਨ ਕਰਨ ਲਈ ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਜੀਰੋ ਡਰਿਲ, ਐਮ.ਬੀ. ਪਲੋਅ, ਚੋਪਰ ਕਮ ਸ਼ਰੈਡਰ, ਮਲਚਰ, ਰੋਟਰੀ ਸਲੈਸਰ, ਸੁਪਰ ਐਸ.ਐਮ.ਐਸ ਆਦਿ ਨਵੀਨਤਮ ਖੇਤੀ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਅਗਲੀਆਂ ਫਸਲਾਂ ਦੀ ਬਿਜਾਈ ਕਰਨ।

About The Author

error: Content is protected !!