ਸਵੀਪ ਵੋਟਰ ਜਾਗਰੂਕਤਾ ਵੈਨ ਕਰ ਰਹੀ ਹੈ ਜ਼ਿਲ੍ਹੇ ਦੇ ਵੋਟਰਾਂ ਨੂੰ ਜਾਗਰੂਕ
ਪਟਿਆਲਾ , 24 ਫਰਵਰੀ | ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ‘ਚ ਵੋਟ ਪਾਉਣ, ਨਵੀਂ ਵੋਟ ਬਣਾਉਣ, ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ. ਸਬੰਧੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ‘ਸਵੀਪ ਵੋਟਰ ਜਾਗਰੂਕਤਾ ਵੈਨ’ ਜ਼ਿਲ੍ਹੇ ‘ਚ ਵੱਖ ਵੱਖ ਸਥਾਨਾਂ ‘ਤੇ ਵੀਡੀਓ ਰਾਹੀਂ ਵੋਟਰਾਂ ਨੂੰ ਜਾਗਰੂਕ ਕਰ ਰਹੀ ਹੈ।
ਪਟਿਆਲਾ ਜ਼ਿਲ੍ਹੇ ਦੇ ਸਵੀਪ ਨੋਡਲ ਅਫ਼ਸਰ ਡਾ. ਸਵਿੰਦਰ ਰੇਖੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੈ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਗਰੂਕਤਾ ਵੈਨ ਵੱਖ ਵੱਖ ਹਲਕਿਆਂ ‘ਚ ਜਾ ਰਹੀ ਹੈ ਅਤੇ ਇਸ ਸਵੀਪ ਵੋਟਰ ਜਾਗਰੂਕਤਾ ਵੈਨ ਦੇ ਰਾਹੀਂ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਵੋਟਰ ਜਾਗਰੂਕਤਾ ਸਬੰਧੀ ਵੀਡੀਓ ਦਿਖਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਵੀਪ ਵੋਟਰ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ। ਇਹ ਜਾਗਰੂਕਤਾ ਵੈਨ ਸਵੀਪ ਗਤੀਵਿਧੀਆਂ ਦਾ ਹਿੱਸਾ ਹੈ, ਜੋ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ-1950 ਅਤੇ ਈ. ਵੀ. ਐਮ ਅਤੇ ਵੀ. ਵੀ. ਪੀ. ਏ. ਟੀ. ਦੇ ਕੰਮਕਾਜ ਬਾਰੇ ਜਾਗਰੂਕ ਕਰ ਰਹੀ ਹੈ।
ਅੱਜ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਪਟਿਆਲਾ ਤੋਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪਟਿਆਲਾ ਡਾ ਸਵਿੰਦਰ ਰੇਖੀ ਨੇ ਵੈਨ ਨੂੰ ਹਰੀ ਝੰਡੀ ਦੇ ਕੇ ਵੱਖ-ਵੱਖ ਸਥਾਨਾਂ ਲਈ ਰਵਾਨਾ ਕੀਤਾ। ਇਸ ਮੌਕੇ ਸਮਾਜ ਸੇਵੀ ਪਵਨ ਗੋਇਲ, ਸਨੌਰ-114 ਦੇ ਨੋਡਲ ਅਫ਼ਸਰ ਸਵੀਪ ਨਰਿੰਦਰ ਸਿੰਘ, ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਮੋਹਿਤ ਕੋਸਲ ਅਤੇ ਸਬੰਧਤ ਬੀ ਐਲ ਓਜ਼ ਵੀ ਸ਼ਾਮਲ ਹੋਏ।