ਪਾਕਿਸਤਾਨ ’ਚ ਅੱਜ ਸਾਹਮਣੇ ਆਵੇਗੀ ਨਵੀਂ ਸਰਕਾਰ ਦੀ ਤਸਵੀਰ, ਨਵਾਜ਼ ਤੇ ਇਮਰਾਨ ਦੀਆਂ ਪਾਰਟੀਆਂ ’ਚ ਮੁਕਾਬਲੇ ਦੀ ਸਥਿਤੀ

ਇਸਲਾਮਾਬਾਦ , 9 ਫਰਵਰੀ । ਪਾਕਿਸਤਾਨ ’ਚ ਹਿੰਸਾ ਦਰਮਿਆਨ ਆਮ ਚੋਣਾਂ ਲਈ ਵੀਰਵਾਰ ਨੂੰ 51.7 ਫ਼ੀਸਦੀ ਮਤਦਾਨ ਹੋਇਆ ਤੇ ਸ਼ਾਮ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਸ਼ੁੱਕਰਵਾਰ ਦੁਪਹਿਰ ਤੱਕ ਜ਼ਿਆਦਾਤਰ ਨਤੀਜੇ ਆਉਣ ਦੀ ਉਮੀਦ ਹੈ। ਅੱਧੀ ਰਾਤ ਤੱਕ ਹੋਈ ਗਿਣਤੀ ’ਚ ਨਵਾਜ਼ ਸ਼ਰੀਫ਼ ਤੇ ਇਮਰਾਨ ਖ਼ਾਨ ਦੀਆਂ ਪਾਰਟੀਆਂ ਵਿਚਾਲੇ ਸਖ਼ਤ ਮੁਕਾਬਲਾ ਨਜ਼ਰ ਆ ਰਿਹਾ ਹੈ।

ਚੋਣ ਡਿਊਟੀ ਦੌਰਾਨ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਂ ਜ਼ਿਲ੍ਹੇ ’ਚ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ’ਤੇ ਹਮਲੇ ’ਚ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਮਤਦਾਨ ਦੌਰਾਨ ਹੋਈ ਹਿੰਸਾ ’ਚ ਕੁੱਲ 10 ਸੁਰੱਖਿਆ ਮੁਲਾਜ਼ਮ ਤੇ ਦੋ ਬੱਚੇ ਮਾਰੇ ਗਏ ਹਨ ਅਤੇ ਕੁੱਲ 39 ਲੋਕ ਜ਼ਖ਼ਮੀ ਹੋਏ ਹਨ। ਜ਼ਿਆਦਾਤਰ ਲੋਕ ਖ਼ੈਬਰ ਪਖ਼ਤੂਨਖ਼ਵਾ ਤੇ ਬਲੋਚਿਸਤਾਨ ’ਚ ਮਾਰੇ ਗਏ ਹਨ। ਫ਼ੌਜ ਨੇ ਦੱਸਿਆ ਹੈ ਕਿ ਵੀਰਵਾਰ ਨੂੰ 51 ਅੱਤਵਾਦੀ ਹਮਲੇ ਹੋਏ ਜਿਨ੍ਹਾਂ ’ਚ ਜ਼ਿਆਦਾਤਰ ਨੂੰ ਨਾਕਾਮ ਕਰ ਦਿੱਤਾ ਗਿਆ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪ੍ਰਸ਼ਾਸਨ ਨੇ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਦਿਨ ਭਰ ਲਈ ਮੁਲਤਵੀ ਕਰ ਦਿੱਤੀਆਂ ਸਨ ਜਿਸ ’ਤੇ ਐਮਨੈਸਟੀ ਇੰਟਰਨੈਸ਼ਨਲ ਨੇ ਵਿਰੋਧ ਪ੍ਰਗਟਾਇਆ ਹੈ। ਦੇਰ ਰਾਤ ਤੱਕ ਕਈ ਇਲਾਕਿਆਂ ’ਚ ਸੇਵਾਵਾਂ ਦੇ ਸੁਚਾਰੂ ਹੋਣ ਦੀ ਖ਼ਬਰ ਹੈ।

ਪਾਕਿਸਤਾਨ ’ਚ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਨੇ ਕਿਹਾ ਕਿ ਮਤਦਾਨ ਪ੍ਰਤੀ ਲੋਕਾਂ ਦੇ ਉਤਸ਼ਾਹ ਤੋਂ ਰਾਸ਼ਟਰ ਨਿਰਮਾਣ ਦੀ ਉਨ੍ਹਾਂ ਦੀ ਇੱਛਾ ਦਾ ਸੰਕੇਤ ਮਿਲ ਗਿਆ ਹੈ। ਮਤਦਾਨ ਤੋਂ ਬਾਅਦ ਵੋਟਾਂ ਦੀ ਗਿਣਤੀ ਵਾਲੀਆਂ ਥਾਵਾਂ ’ਤੇ ਹੀ ਉਮੀਦਵਾਰਾਂ ਦੇ ਏਜੰਟਾਂ ਸਾਹਮਣੇ ਵੋਟ ਪੇਟੀਆਂ ਦੀ ਸੀਲ ਤੋੜ ਕੇ ਗਿਣਤੀ ਸ਼ੁਰੂ ਹੋ ਗਈ। ਵੋਟਾਂ ਦੀ ਗਿਣਤੀ ਕਰਵਾਉਣ ਵਾਲੇ ਮੌਕੇ ਦੇ ਅਧਿਕਾਰੀ ਹੀ ਰਿਟਰਨਿੰਗ ਅਫਸਰ ਜ਼ਰੀਏ ਚੋਣ ਪ੍ਰਬੰਧਨ ਵਿਵਸਥਾ ਨੂੰ ਜਾਣਕਾਰੀ ਦੇਣਗੇ ਤੇ ਨਤੀਜੇ ਐਲਾਨਣਗੇ। ਪ੍ਰਕਿਰਿਆ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਵੋਟਾਂ ਦੀ ਗਿਣਤੀ ਵਾਲੀਆਂ ਥਾਵਾਂ ਦੇ ਆਲੇ-ਦੁਆਲੇ ਕਰੀਬ ਸਾਢੇ ਛੇ ਲੱਖ ਸੁਰੱਖਿਆ ਮੁਲਾਜ਼ਮਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ’ਚੋਂ 1,37,000 ਫ਼ੌਜ ਦੇ ਜਵਾਨ ਹਨ।

ਪੀਟੀਆਈ ਨੇ ਲਗਾਇਆ ਨਤੀਜਿਆਂ ’ਚ ਦੇਰੀ ਦਾ ਦੋਸ਼

265 ਸੀਟਾਂ ਲਈ ਹੋਈਆਂ ਚੋਣਾਂ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੂੰ ਅੱਗੇ ਮੰਨਿਆ ਜਾ ਰਿਹਾ ਹੈ ਜਦਕਿ ਜੇਲ੍ਹ ’ਚ ਬੰਦ ਸਾਬਕਾ ਪੀਐੱਮ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੂੰ ਮੁਕਾਬਲੇ ’ਚ ਮੰਨਿਆ ਜਾ ਰਿਹਾ ਹੈ। ਚੋਣ ਨਿਸ਼ਾਨ ਕ੍ਰਿਕਟ ਬੈਟ ਦੀ ਵਰਤੋਂ ’ਤੇ ਚੋਣ ਕਮਿਸ਼ਨ ਵੱਲੋਂ ਰੋਕ ਲਗਾਉਣ ਕਾਰਨ ਪੀਟੀਆਈ ਦੇ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਹਨ। ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਪੜਾਵਾਂ ’ਚ ਕਈ ਸੀਟਾਂ ’ਤੇ ਪੀਟੀਆਈ ਹਮਾਇਤੀ ਉਮੀਦਵਾਰ ਅੱਗੇ ਚੱਲ ਰਹੇ ਹਨ। ਪੀਟੀਆਈ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਉਮੀਦਵਾਰਾਂ ਦੇ ਅੱਗੇ ਹੋਣ ਕਾਰਨ ਵੋਟਾਂ ਦੀ ਗਿਣਤੀ ਦੀ ਰਫ਼ਤਾਰ ਹੌਲੀ ਕੀਤੀ ਜਾ ਰਹੀ ਹੈ। ਪੀਟੀਆਈ ਨੇ ਸ਼ੋਸ਼ਣ, ਗ਼ੈਰ-ਕਾਨੂੰਨੀ ਤੇ ਧੋਖਾਧੜੀ ਵਾਲੇ ਕਦਮਾਂ ਨੂੰ ਨਕਾਰ ਕੇ ਵੋਟ ਪਾਉਣ ਵਾਲੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਜਾਣਕਾਰਾਂ ਮੁਤਾਬਕ, ਪਾਕਿਸਤਾਨ ਦੀ ਨਵੀਂ ਸਰਕਾਰ ਲਈ ਆਰਥਿਕ ਤੰਗੀ ਤੇ ਅੱਤਵਾਦ ਨਾਲ ਨਜਿੱਠਣਾ ਵੱਡੀ ਚੁਣੌਤੀ ਹੋਵੇਗੀ। ਬੁੱਧਵਾਰ ਨੂੰ ਬਲੋਚਿਸਤਾਨ ’ਚ ਹੋਏ ਦੋ ਧਮਾਕਿਆਂ ’ਚ 30 ਲੋਕਾਂ ਦੀ ਜਾਨ ਚਲੀ ਗਈ ਸੀ।

About The Author