ਲੋਕ ਸਭਾ ਚੋਣਾਂ ਲਈ ਅਮਲੇ ਦੀ ਪਹਿਲੀ ਰਿਹਰਸਲ ਹੋਈ
ਪਟਿਆਲਾ , 5 ਮਈ | ਲੋਕ ਸਭਾ ਚੋਣਾਂ-2024 ਦੌਰਾਨ ਚੋਣ ਪ੍ਰਕ੍ਰਿਆ ਨੂੰ ਨੇਪਰੇ ਚੜਾਉਣ ‘ਚ ਲੱਗਣ ਵਾਲੇ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਕਰਵਾਈ ਗਈ। ਇਸ ਰਿਹਰਸਲ ਦੌਰਾਨ ਜ਼ਿਲ੍ਹੇ ਦੇ 1786 ਬੂਥਾਂ ‘ਤੇ ਪੈਣ ਵਾਲੀਆਂ ਵੋਟਾਂ ਲਈ ਤਾਇਨਾਤ ਕੀਤੇ ਜਾਣ ਵਾਲੇ 10 ਹਜ਼ਾਰ ਦੇ ਕਰੀਬ ਚੋਣ ਅਮਲੇ ਨੂੰ ਬੀ.ਯੂ, ਸੀ.ਯੂ ਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਚੋਣਾਂ ਸਮੇਂ ਵਰਤੇ ਜਾਣ ਵਾਲੇ ਪ੍ਰੋਫਾਰਮੇ ਭਰਨ ਸਮੇਤ ਪ੍ਰੀਜਾਇਡਿੰਗ ਅਫ਼ਸਰਾਂ ਦੀਆਂ ਡਿਊਟੀਆਂ ਅਤੇ ਪੋਲਿੰਗ ਅਫ਼ਸਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਚੋਣ ਅਮਲੇ ਨੂੰ ਜਾਣੂ ਕਰਵਾਇਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ-ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਚੋਣ ਅਮਲੇ ਨੂੰ ਮਾਸਟਰ ਟ੍ਰੇਨਰਾਂ ਵੱਲੋਂ ਪਾਵਰ ਪੁਆਇੰਟ ਸਲਾਇਡਾਂ ਰਾਹੀਂ ਚੋਣ ਸਮੱਗਰੀ, ਬੀ.ਯੂ, ਸੀ.ਯੂ ਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਚੋਣ ਅਮਲੇ ਨੂੰ ਜਿੰਮੇਵਾਰੀਆਂ ਅਤੇ ਅਧਿਕਾਰਾਂ ਪ੍ਰਤੀ ਵੀ ਸੁਚੇਤ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਪੋਲਿੰਗ ਸਟਾਫ ਦੀਆਂ 100 ਫੀਸਦੀ ਵੋਟਾਂ ਪੁਆਉਣ ਲਈ ਸਟਾਫ ਨੂੰ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਸ਼ੌਕਤ ਅਹਿਮਦ ਪਰੇ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਚੋਣਾਂ ਨੂੰ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨਤਾ ਨਾਲ ਨੇਪਰੇ ਚੜਾਏ ਜਾਣਾ ਯਕੀਨੀ ਬਣਾਏ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਸਖਤੀ ਨਾਲ ਕੀਤੀ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ ਅਤੇ ਮਾਸਟਰ ਟ੍ਰੇਨਰਾਂ ਵੱਲੋਂ ਪੋਲਿੰਗ ਸਟਾਫ ਨੂੰ ਪਾਵਰ ਪੁਆਇੰਟ ਸਲਾਇਡਾਂ ਰਾਹੀਂ ਚੋਣ ਸਮੱਗਰੀ, ਈ.ਵੀ.ਐਮ ਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਣਕਾਰੀ ਦੇ ਨਾਲ-ਨਾਲ ਸਟਾਫ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਵੱਖ ਵੱਖ ਸਥਾਨਾਂ ‘ਤੇ ਹੋਈ ਰਿਹਰਸਲ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਥਾਪਰ ਕਾਲਜ ‘ਚ ਏ.ਆਰ.ਓ ਨਵਰੀਤ ਕੌਰ ਸੇਖੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਏ.ਆਰ.ਓ ਕੰਨੂ ਗਰਗ, ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਏ.ਆਰ.ਓ ਬਬਨਦੀਪ ਸਿੰਘ ਵਾਲੀਆ, ਪਟੇਲ ਕਾਲਜ ਰਾਜਪੁਰਾ ‘ਚ ਏ.ਆਰ.ਓ ਜਸਲੀਨ ਕੌਰ ਭੁੱਲਰ, ਸਰਕਾਰੀ ਬਿਕਰਮ ਕਾਲਜ ‘ਚ ਏ.ਆਰ.ਓ ਅਰਵਿੰਦ ਕੁਮਾਰ, ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਏ.ਆਰ.ਓ ਤਰਸੇਮ ਚੰਦ, ਪਬਲਿਕ ਕਾਲਜ ਸਮਾਣਾ ਵਿਖੇ ਏ.ਆਰ.ਓ. ਰਿਚਾ ਗੋਇਲ ਅਤੇ ਕੀਰਤੀ ਕਾਲਜ ਪਾਤੜਾਂ ਵਿਖੇ ਏ.ਆਰ.ਓ ਰਵਿੰਦਰ ਸਿੰਘ ਦੀ ਅਗਵਾਈ ‘ਚ ਚੋਣ ਅਮਲੇ ਦੀ ਪਹਿਲੀ ਰਿਹਰਸਲ ਸਫ਼ਲਤਾ ਪੂਰਵਕ ਕਰਵਾਈ ਗਈ ਹੈ।
ਫੋਟੋ ਕੈਪਸ਼ਨ- ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ ਚੋਣ ਅਮਲੇ ਦੀ ਚੱਲ ਰਹੀ ਰਿਹਰਸਲ ਦਾ ਜਾਇਜ਼ਾ ਲੈਂਦੇ ਹੋਏ।
ਫੋਟੋ ਕੈਪਸ਼ਨ- ਏ.ਡੀ.ਸੀ. ਮੈਡਮ ਕੰਚਨ ਚੋਣ ਅਮਲੇ ਦੀ ਚੱਲ ਰਹੀ ਰਿਹਰਸਲ ਦਾ ਜਾਇਜ਼ਾ ਲੈਂਦੇ ਹੋਏ।