ਸਾਰੇ ਵਿਧਾਨ ਸਭਾ ਹਲਕਿਆਂ ‘ਚ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ ਆਯੋਜਿਤ

ਲੁਧਿਆਣਾ , 5 ਮਈ | ਲੁਧਿਆਣਾ ਦੇ 2921 ਪੋਲਿੰਗ ਬੂਥਾਂ ‘ਤੇ ਤਾਇਨਾਤ ਕੀਤੇ ਜਾਣ ਵਾਲੇ ਪੋਲਿੰਗ ਕਰਮਚਾਰੀਆਂ ਦੀ ਪਹਿਲੀ ਰਿਹਰਸਲ ਐਤਵਾਰ ਨੂੰ ਸਾਰੇ ਵਿਧਾਨ ਸਭਾ ਹਲਕਿਆਂ ਦੇ ਪੱਧਰ ‘ਤੇ ਕਰਵਾਈ ਗਈ।
ਲੁਧਿਆਣਾ ਲੋਕ ਸਭਾ ਹਲਕੇ ਦੇ 2921 ਪੋਲਿੰਗ ਬੂਥਾਂ ‘ਤੇ ਕੁੱਲ 17962 ਅਧਿਕਾਰੀ ਤਾਇਨਾਤ ਕੀਤੇ ਜਾਣੇ ਹਨ।  ਪ੍ਰੀਜ਼ਾਈਡਿੰਗ ਅਫ਼ਸਰ ਦੇ ਅਧੀਨ ਹਰੇਕ ਬੂਥ ਪੱਧਰੀ ਟੀਮ ਵਿੱਚ ਪੰਜ ਮੈਂਬਰੀ ਸਟਾਫ਼ ਸ਼ਾਮਲ ਹੁੰਦਾ ਹੈ ਜਿਸ ਕੋਲ ਆਪਣੇ ਸਬੰਧਤ ਪੋਲਿੰਗ ਬੂਥ ‘ਤੇ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਦਾ ਕੰਮ ਹੋਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਚੋਣ ਅਮਲੇ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ ਜਾਵੇ।  ਉਨ੍ਹਾਂ ਪੋਲਿੰਗ ਸਟਾਫ਼ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਲੋਕ ਪੋਲਿੰਗ ਵਾਲੇ ਦਿਨ (1 ਜੂਨ) ਨੂੰ ਨਿਰਪੱਖ ਢੰਗ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਭਾਰਤ ਦੇ ਕਈ ਦੂਰ-ਦੁਰਾਡੇ ਖੇਤਰਾਂ ਦੀਆਂ ਉਦਾਹਰਣਾਂ ਦਿੰਦੇ ਹੋਏ ਜਿੱਥੇ ਪੋਲਿੰਗ ਸਟਾਫ਼ ਅਤੇ ਚੋਣ ਕਮਿਸ਼ਨ ਚੋਣਾਂ ਕਰਵਾਉਣ ਲਈ ਬਹੁਤ ਮਿਹਨਤ ਕਰਦੇ ਹਨ, ਸਾਹਨੀ ਨੇ ਕਿਹਾ ਕਿ ਪੰਜਾਬ ਵਿੱਚ ਇਹ ਕੰਮ ਆਸਾਨ ਹੈ ਜਿੱਥੇ ਬੁਨਿਆਦੀ ਢਾਂਚਾ ਅਤੇ ਢਾਂਚਾਗਤ ਵਿਕਾਸ ਪੋਲਿੰਗ ਸਟਾਫ ਨੂੰ ਚੋਣ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਵਿੱਚ ਸਹਾਇਤਾ ਕਰਦਾ ਹੈ।  ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਕਿਸਮਤ ਵਾਲੇ ਹਨ ਕਿ ਉਹ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸਰਕਾਰੀ ਮਸ਼ੀਨਰੀ ਦਾ ਹਿੱਸਾ ਹਨ।
ਰਿਹਰਸਲ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਦੇਖ-ਰੇਖ ਹੇਠ ਕਰਵਾਈ ਗਈ।

About The Author

You may have missed