ਜ਼ਿਲ੍ਹਾ ਸਵੀਪ ਟੀਮ ਨੇ ਅਧਿਆਪਕ-ਮਾਪੇ ਮਿਲਣੀ ਦੌਰਾਨ ਸਕੂਲਾਂ ਵਿੱਚ ਨੁੱਕੜ ਨਾਟਕ ਕਰਵਾ ਕੇ ਵੋਟਰਾਂ ਨੂੰ ਕੀਤਾ ਜਾਗਰੂਕ

ਪਟਿਆਲਾ , 1 ਅਪ੍ਰੈਲ | ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ’ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਸਵੀਪ ਮੁਹਿੰਮ ਵਿੱਚ ਤੇਜ਼ੀ ਲਿਆਉਂਦਿਆਂ ਜ਼ਿਲ੍ਹਾ ਸਵੀਪ ਟੀਮ ਵੱਲੋਂ ਅਧਿਆਪਕ –ਮਾਪੇ ਮਿਲਣੀ ਵਾਲੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਈ.ਐਲ.ਸੀ ਕਲੱਬਾਂ ਦੀ ਮਦਦ ਨਾਲ ਮਾਪਿਆ ਨੂੰ ਚੋਣਾਂ ਵਿੱਚ 100 ਫ਼ੀਸਦੀ ਭਾਗੀਦਾਰੀ ਕਰਨ ਲਈ ਰੰਗੋਲੀ, ਸਲੋਗਨ ਅਤੇ ਪੋਸਟਰ ਮੇਕਿੰਗ ਸਵੀਪ ਗਤੀਵਿਧੀਆਂ ਕਰਵਾ ਕੇ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਸਵਿੰਦਰ ਰੇਖੀ ਵੱਲੋਂ ਹਲਕਾ ਸਨੌਰ ਦੇ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ਦੇ ਸਰਕਾਰੀ ਸਕੂਲ ਜੋਗੀਪੁਰ ਅਤੇ ਅਸਰਪੁਰ ਵਿੱਚ 70 ਫ਼ੀਸਦੀ ਤੋਂ ਉਪਰ ਟੀਚੇ ਨੂੰ ਪਾਰ ਕਰਨ ਲਈ ਨੁੱਕੜ ਨਾਟਕ ਕਰਵਾਏ ਗਏ ਤਾਂ ਜੋ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਨ੍ਹਾਂ ਨੁੱਕੜ ਨਾਟਕਾਂ ਨੂੰ ਕਰਵਾਉਣ ਲਈ ਸਰਕਾਰੀ ਸਸਸ ਸਕੂਲ ਜੋਗੀਪੁਰ ਦੇ ਪ੍ਰਿੰਸੀਪਲ ਮਨਿੰਦਰਪ੍ਰੀਤ ਸਿੰਘ, ਮਨਿੰਦਰਪਾਲ ਸਿੰਘ ਅਤੇ ਸਰਕਾਰੀ ਹਾਈ ਸਕੂਲ ਅਸਰਪੁਰ ਦੇ ਮੁੱਖ ਅਧਿਆਪਕ ਨਵਨੀਤ ਸਿੰਘ, ਮਨਜਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਮੋਹਿਤ ਕੌਸ਼ਲ, ਬਰਿੰਦਰ ਸਿੰਘ, ਅਵਤਾਰ ਸਿੰਘ, ਸਕੂਲ ਸਟਾਫ਼, ਮਾਪੇ ਅਤੇ ਵਿਦਿਆਰਥੀ ਮੌਜੂਦ ਸਨ।