ਡਿਪਟੀ ਕਮਿਸ਼ਨਰ ਰਾਤ ਨੂੰ ਨਿਕਲੇ ਕਣਕ ਦੀ ਲਿਫਟਿੰਗ ਕਰਵਾਉਣ, ਵੱਖ ਵੱਖ ਮੰਡੀਆਂ ਅਤੇ ਗੁਦਾਮਾਂ ਦਾ ਕੀਤਾ ਦੌਰਾ
ਜਲਾਲਾਬਾਦ , 23 ਅਪ੍ਰੈਲ | ਹਮੇਸ਼ਾ ਲੋਕ ਹਿੱਤਾਂ ਨੂੰ ਸਮਰਪਿਤ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਸੋਮਵਾਰ ਦੀ ਰਾਤ ਖੁਦ ਮੰਡੀਆਂ ਅਤੇ ਗੋਦਾਮਾਂ ਦਾ ਦੌਰਾ ਕਰਨ ਨਿਕਲੇ ਜਿੱਥੇ ਉਹ ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਖਰੀਦ ਏਜੰਸੀਆਂ ਨੂੰ ਹੱਲਾਸ਼ੇਰੀ ਦਿੰਦੇ ਵਿਖਾਈ ਦਿੱਤੇ।
ਡਿਪਟੀ ਕਮਿਸ਼ਨਰ ਨੇ ਸੋਮਵਾਰ ਦੀ ਰਾਤ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਇੱਥੇ ਵੱਖ—ਵੱਖ ਗੋਦਾਮਾਂ ਵਿੱਚ ਪਹੁੰਚ ਕੇ ਜਿੱਥੇ ਕਣਕ ਦੀ ਲਿਫਟਿੰਗ ਕਰ ਰਹੇ ਮਜ਼ਦੂਰਾਂ ਦਾ ਹੌਸਲਾ ਵਧਾਇਆ ਉਥੇ ਹੀ ਉਹਨਾਂ ਨੇ ਖਰੀਦ ਏਜੰਸੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਅਤੇ ਹਦਾਇਤ ਕੀਤੀ ਕਿ ਕਣਕ ਦੀ ਲਿਫਟਿੰਗ ਤੇਜੀ ਨਾਲ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਲਿਫਟਿੰਗ ਨਾਲੋਂ ਨਾਲ ਹੁੰਦੀ ਰਹੇਗੀ ਤਾਂ ਮੰਡੀਆਂ ਵਿੱਚ ਹੋਰ ਕਣਕ ਆਉਣ ਲਈ ਥਾਂ ਵੀ ਉਪਲਬਧ ਹੁੰਦੀ ਰਹੇਗੀ ਅਤੇ ਕਿਸਾਨਾਂ ਨੂੰ ਨਵੀਂ ਫਸਲ ਲਿਆਉਣ ਵਿੱਚ ਦਿੱਕਤ ਨਹੀਂ ਆਵੇਗੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਖਰੀਦ ਏਜੰਸੀਆਂ, ਆੜਤੀਆਂ, ਟਰਾਂਸਪੋਰਟਰਾਂ ਅਤੇ ਲੇਬਰ ਨੂੰ ਕਿਹਾ ਕਿ ਕਣਕ ਦੀ ਖਰੀਦ ਦਾ ਸੀਜ਼ਨ ਸਾਡੇ ਲਈ ਮਹੱਤਵਪੂਰਨ ਸਮਾਂ ਹੁੰਦਾ ਹੈ ਅਤੇ ਇਸ ਸਮੇਂ ਸਾਨੂੰ ਸਭ ਨੂੰ ਇੱਕ ਟੀਮ ਵਜੋਂ ਕੰਮ ਕਰਦੇ ਹੋਏ ਤੇਜੀ ਨਾਲ ਸਾਰੇ ਟੀਚੇ ਪੂਰੇ ਕਰਨੇ ਚਾਹੀਦੇ ਹਨ।
ਇਸ ਮੌਕੇ ਉਹਨਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਜਲਾਲਾਬਾਦ ਦੇ ਐਸਡੀਐਮ ਸ੍ਰੀ ਬਲਕਰਨ ਸਿੰਘ, ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ ਅਤੇ ਵੱਖ—ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਦੇ ਰਾਤ ਸਮੇਂ ਮੰਡੀਆਂ ਵਿੱਚ ਪਹੁੰਚ ਕੇ ਕਣਕ ਦੀ ਲਿਫਟਿੰਗ ਕਰ ਰਹੇ ਮਜ਼ਦੂਰਾਂ ਦੀ ਹੌਸਲਾ ਅਫਜਾਈ ਕਰਨ ਤੇ ਮਜ਼ਦੂਰ ਭਰਾਵਾਂ ਵਿੱਚ ਬਹੁਤ ਉਤਸਾਹ ਦਿਖਾਈ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਹੁਣ ਹੋਰ ਵੀ ਤੇਜੀ ਨਾਲ ਕੰਮ ਕਰਨਗੇ।
ਬਾਕਸ ਲਈ ਪ੍ਰਸਤਾਵਿਤ
ਜਿ਼ਲ੍ਹੇ ਵਿਚ ਹੋਈ 185907 ਮਿਟ੍ਰਿਕ ਟਨ ਕਣਕ ਦੀ ਖਰੀਦ
ਫਾਜਿ਼ਲਕਾ ਜਿ਼ਲ੍ਹੇ ਵਿਚ ਬੀਤੀ ਸ਼ਾਮ ਤੱਕ 185907 ਮਿਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।ਜਦ ਕਿ ਇੱਕਲੇ ਬੀਤੇ ਇਕ ਦਿਨ ਵਿਚ ਹੀ 53042 ਮਿਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।ਜਦ ਕਿ ਬੀਤੇ ਕੱਲ ਮੰਡੀਆਂ ਵਿਚ 51842 ਮਿਟ੍ਰਿਕ ਟਨ ਦੀ ਕਣਕ ਦੀ ਆਮਦ ਹੋਈ ਸੀ। ਹੁਣ ਤੱਕ ਮੰਡੀਆਂ ਵਿਚ ਕੁੱਲ ਆਮਦ 206472 ਮਿਟ੍ਰਿਕ ਟਨ ਦੀ ਹੋਈ ਹੈ। ਇਸੇ ਤਰਾਂ ਜਿ਼ਲ੍ਹੇ ਵਿਚ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੀ 204 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ ਜਦ ਕਿ ਹੁਣ ਤੱਕ ਅਦਾਇਗੀ 231.4 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ।