ਡਿਪਟੀ ਕਮਿਸ਼ਨਰ ਅਚਾਨਕ ਸਿਵਲ ਹਸਪਤਾਲ ਫਾਜਿ਼ਲਕਾ ਦਾ ਦੌਰਾ ਕਰਨ ਪਹੁੰਚੇ
ਫਾਜਿ਼ਲਕਾ, 24 ਨਵੰਬਰ | ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਫਾਜਿ਼ਲਕਾ ਦੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਉਥੇ ਮਰੀਜਾਂ ਨੂੰ ਮਿਲ ਰਹੀਆਂ ਇਲਾਜ ਸਹੁਲਤਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਇਸ ਮੌਕੇ ਹਸਪਤਾਲ ਦੇ ਵਾਰਡਾਂ ਦਾ ਦੌਰਾ ਕਰਕੇ ਇੱਥੇ ਭਰਤੀ ਮਰੀਜਾਂ ਦਾ ਹਾਲ ਚਾਲ ਜਾਣਿਆ। ਇਸ ਤੋ ਬਾਅਦ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਫਾਜਿਲਕਾ ਵਿਖੇ ਬਣਾਏ ਜਾਣ ਵਾਲੇ ਕਰੀਟਿਕਲ ਕੇਅਰ ਬਲਾਕ ਦੇ ਪ੍ਰਬੰਧਾ ਦਾ ਵੀ ਜਾਇਜਾ ਲਿਆ ਗਿਆ।
ਉਨ੍ਹਾਂ ਹਸਪਤਾਲ ਵਿਚ ਵਾਰਡਾ ਦੀ ਚੈਕਿੰਗ ਦੌਰਾਨ ਹਾਜਰ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਵਾਰਡਾਂ ਵਿੱਚ ਸਾਫ ਸਫਾਈ ਪਾਣੀ ਬਿਜਲੀ ਅਤੇ ਇਲਾਜ ਆਦਿ ਹਰ ਤਰ੍ਹਾਂ ਦੇ ਪ੍ਰਬੰਧ ਮੁਕਮੰਲ ਹੋਣੇ ਚਾਹੀਦੇ ਹਨ, ਤਾਂ ਜੋ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਦਿਕਤਾ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਰਾਜ ਵਿਚ ਸਿਹਤ ਸਹੁਲਤਾਂ ਤੇ ਵਿਸੇਸ਼ ਤੱਵਜੋ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਹਸਪਤਾਲਾਂ ਵਿਚ ਮਰੀਜਾਂ ਨੂੰ ਮਿਆਰੀ ਇਲਾਜ ਦੀ ਸਹੁਲਤ ਯਕੀਨੀ ਬਣਾਈ ਜਾ ਰਹੀ ਹੈ ਉਥੇ ਹੀ ਇਸ ਗਣਤੰਤਰ ਦਿਵਸ ਮੌਕੇ ਜਿ਼ਲ੍ਹੇ ਵਿਚ ਹੋਰ ਆਮ ਆਦਮੀ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੇ ਵੱਖ ਵੱਖ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਟੀਕਾਕਰਨ ਪ੍ਰੋਗਰਾਮ, ਪਰਿਵਾਰ ਭਲਾਈ ਪ੍ਰੋਗਰਾਮ, ਟੀਬੀ ਰੋਕਥਾਮ ਪ੍ਰੋਗਰਾਮ ਆਦਿ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਐਸਐਮਓ ਡਾ ਐਰਿਕ, ਡਾ ਅਰਪਿਤ ਗੁਪਤਾ ਪਾਰਸ ਕਟਾਰੀਆ ਅਤੇ ਪੀਡਬਲਿਊਡੀ ਦੇ ਅਧਿਕਾਰੀ ਮੌਜੂਦ ਸਨ।