ਇਜ਼ਰਾਈਲ-ਹਮਾਸ ਯੁੱਧ ਨੂੰ ਲੈ ਕੇ ਹੋਈ ਬਹਿਸ, ਵਿਦਿਆਰਥੀ ਨੇ ਆਪਣੇ ਸਹਿਪਾਠੀ ਨੂੰ ਮਾਰੇ ਘਸੁੰਨ-ਮੁੱਕੇ
ਬਰਲਿਨ , 5 ਫਰਵਰੀ । ਜਰਮਨੀ ਦੇ ਬਰਲਿਨ ‘ਚ ਇਜ਼ਰਾਈਲ-ਹਮਾਸ ਸੰਘਰਸ਼ ‘ਤੇ ਬਹਿਸ ਤੋਂ ਨਾਰਾਜ਼ ਇਕ ਕਾਲਜ ਵਿਦਿਆਰਥੀ ਨੇ ਸ਼ੁੱਕਰਵਾਰ ਰਾਤ ਆਪਣੇ ਇਕ ਯਹੂਦੀ ਸਹਿਪਾਠੀ ਦੀ ਕੁੱਟਮਾਰ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 30 ਸਾਲਾ ਯਹੂਦੀ ਵਿਦਿਆਰਥੀ ਸ਼ੁੱਕਰਵਾਰ ਦੇਰ ਰਾਤ ਇੱਕ ਜਾਣਕਾਰ ਨਾਲ ਬਰਲਿਨ ਦੇ ਨੇੜੇ ਮੀਟੇ ਗਿਆ ਸੀ, ਉਦੋਂ ਉਸ ਦੀ ਮੁਲਾਕਾਤ ਯੂਨੀਵਰਸਿਟੀ ਦੇ 23 ਸਾਲਾ ਸਾਥੀ ਵਿਦਿਆਰਥੀ ਨਾਲ ਹੋਈ। ਪੁਲਸ ਨੇ ਕਿਹਾ ਕਿ 23 ਸਾਲਾ ਵਿਦਿਆਰਥੀ ਫਲਸਤੀਨੀ ਸਮਰਥਕ ਹੈ ਜਦੋਂ ਕਿ 30 ਸਾਲਾ ਯਹੂਦੀ ਵਿਦਿਆਰਥੀ ਨੇ ਇਜ਼ਰਾਈਲ ਦੇ ਸਮਰਥਨ ਵਿਚ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਸੀ ਅਤੇ ਇਸ ਮੁੱਦੇ ‘ਤੇ ਦੋਵਾਂ ਵਿਚ ਤਿੱਖੀ ਬਹਿਸ ਹੋਈ ਸੀ।
ਪੁਲਸ ਮੁਤਾਬਕ ਇਸ ਵਿਵਾਦ ਤੋਂ ਗੁੱਸੇ ‘ਚ ਆਏ 23 ਸਾਲਾ ਵਿਦਿਆਰਥੀ ਨੇ 30 ਸਾਲਾ ਯਹੂਦੀ ਵਿਦਿਆਰਥੀ ਦੇ ਮੂੰਹ ‘ਤੇ ਉਦੋਂ ਤੱਕ ਮੁੱਕੇ ਮਾਰੇ, ਜਦੋਂ ਤੱਕ ਉਹ ਜ਼ਮੀਨ ‘ਤੇ ਡਿੱਗ ਨਹੀਂ ਗਿਆ। ਸ਼ੱਕੀ ਨੇ ਯਹੂਦੀ ਵਿਦਿਆਰਥੀ ਦੇ ਜ਼ਮੀਨ ‘ਤੇ ਡਿੱਗਣ ਦੌਰਾਨ ਲੱਤਾਂ ਵੀ ਮਾਰੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਪੀੜਤ ਦੇ ਚਿਹਰੇ ‘ਤੇ ਫ੍ਰੈਕਚਰ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਹ ਖ਼ਤਰੇ ਤੋਂ ਬਾਹਰ ਹੈ। ਪੁਲਸ ਨੇ ਬਰਲਿਨ ਦੇ ਸ਼ੋਨਬਰਗ ਵਿੱਚ ਸਥਿਤ ਸ਼ੱਕੀ ਦੀ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਉਸ ਦੇ ਸਮਾਰਟਫੋਨ ਸਮੇਤ ਸਬੂਤ ਇਕੱਠੇ ਕੀਤੇ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ਅਤੇ ਉਸ ਦੇ ਜਵਾਬ ‘ਚ ਗਾਜ਼ਾ ਵਿਚ ਜਾਰੀ ਬੰਬਾਰੀ ਤੋਂ ਬਾਅਦ ਜਰਮਨੀ ‘ਚ ਯਹੂਦੀ ਵਿਰੋਧੀ ਘਟਨਾਵਾਂ ‘ਚ ਕਾਫੀ ਵਾਧਾ ਹੋਇਆ ਹੈ।