ਪੰਜਾਬ ਵਿਚ ਭਾਜਪਾ ਦੀ ਜ਼ੀਰੋ ਸੀਟ ਲਈ ਸੁਨੀਲ ਜਾਖੜ ਜ਼ਿੰਮੇਵਾਰ : ਨੀਲ ਗਰਗ

ਚੰਡੀਗੜ੍ਹ, 15 ਜੂਨ | ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨਾਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸ਼ਾਇਦ ਭਾਜਪਾ ਅਤੇ ਸੁਨੀਲ ਜਾਖੜ ਨੇ 4 ਜੂਨ ਦੇ ਨਤੀਜਿਆਂ ਤੋਂ ਕੁਝ ਨਹੀਂ ਸਿੱਖਿਆ ਹੈ। ‘ਆਪ’ ਦੇ ਬੁਲਾਰੇ ਨੀਲ ਗਰਗ, ਡਾ. ਸੰਨੀ ਆਹਲੂਵਾਲੀਆ ਅਤੇ ਬੱਬੀ ਬਾਦਲ ਨੇ ਸ਼ਨੀਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਜਿੱਥੇ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਘੇਰਿਆ ਅਤੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਦੇ ਬਜਾਏ ਆਪਣੇ ਸੁਆਰਥੀ ਏਜੰਡਿਆਂ ਨੂੰ ਪਹਿਲ ਦਿੰਦੇ ਹਨ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਚੇਅਰਮੈਨ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਨੂੰ ਭਾਰਤ ਦੇ ਲੋਕਾਂ ਨੇ, ਖ਼ਾਸ ਕਰਕੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ। ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲੀ। ਉਹ 400 ਤੋਂ ਵੱਧ ਸੀਟਾਂ ਦਾ ਦਾਅਵਾ ਕਰ ਰਹੇ ਸਨ ਪਰ ਸਿਰਫ਼ 240 ਹੀ ਮਿਲੀਆਂ। ਇਹ ਇਸ ਲਈ ਹੈ ਕਿਉਂਕਿ ਉਹ (ਭਾਜਪਾ) ਧਰੁਵੀਕਰਨ ਅਤੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ। ਭਾਜਪਾ ਕਦੇ ਵੀ ਆਮ ਲੋਕਾਂ ਦੇ ਮੁੱਦਿਆਂ ਜਿਵੇਂ ਮਹਿੰਗਾਈ, ਰੁਜ਼ਗਾਰ, ਜੀਡੀਪੀ ਆਦਿ ਦੀ ਕਦੇ ਗੱਲ ਨਹੀਂ ਕਰਦੀ।

ਨੀਲ ਗਰਗ ਨੇ ਅੱਗੇ ਕਿਹਾ ਕਿ ਸੁਨੀਲ ਜਾਖੜ ਪੰਜਾਬ ਵਿੱਚ ਭਾਜਪਾ ਦੇ ਵਧੇ ਵੋਟ ਸ਼ੇਅਰ ਨੂੰ ਲੈ ਕੇ ਭਰਮ-ਭੁਲੇਖੇ ਵਿੱਚ ਹਨ, ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਪੰਜਾਬ ਵਿੱਚ ਸਿਰਫ਼ ਤਿੰਨ ਸੀਟਾਂ ‘ਤੇ ਹੀ ਚੋਣ ਲੜਦੀ ਸੀ, ਕਿਉਂਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੀ। ਇਸ ਵਾਰ ਉਹ ਸਾਰੀਆਂ 13 ਸੀਟਾਂ ‘ਤੇ ਚੋਣ ਲੜ ਰਹੇ ਸਨ, ਇਸ ਲਈ ਵੋਟ ਪ੍ਰਤੀਸ਼ਤ ਵਿੱਚ ਮਾਮੂਲੀ ਵਾਧਾ ਹੋਇਆ ਹੈ। ‘ਆਪ’ ਦੇ ਬੁਲਾਰੇ ਨੇ ਅੱਗੇ ਕਿਹਾ ਕਿ 2019 ‘ਚ ਭਾਜਪਾ ਨੇ ਪੰਜਾਬ ‘ਚ ਦੋ ਸੀਟਾਂ ਜਿੱਤੀਆਂ ਸਨ, ਇਸ ਵਾਰ ਉਨ੍ਹਾਂ ਨੂੰ ਵੱਡਾ ਜ਼ੀਰੋ ਮਿਲਿਆ ਹੈ, ਇਸ ਲਈ ਸੁਨੀਲ ਜਾਖੜ ਦਾ ਭਾਜਪਾ ਦੇ ਪੰਜਾਬ ਪ੍ਰਧਾਨ ਵਜੋਂ ਉਨ੍ਹਾਂ ਲਈ ਇਕ ਵੱਡੀ ਅਸਫਲਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਗਰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਪੰਜਾਬ ਦੇ ਲੋਕਾਂ ਦੀ ਬਜਾਏ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਹੈ, ਉਨ੍ਹਾਂ ਨੇ ਕਾਂਗਰਸ ਇਸ ਲਈ ਛੱਡੀ, ਕਿਉਂਕਿ ਉਹ ਮੁੱਖ ਮੰਤਰੀ ਦੀ ਕੁਰਸੀ ਦੀ ਦੌੜ ਵਿੱਚ ਨਹੀਂ ਸਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੁਨੀਲ ਜਾਖੜ ਨੂੰ ਅਬੋਹਰ ਅਤੇ ਹੁਣ ਪੂਰੇ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ। ‘ਆਪ’ ਆਗੂ ਨੇ ਕਿਹਾ ਕਿ ਜਾਖੜ ਨੇ ਕਦੇ ਵੀ ਪੰਜਾਬ ਅਤੇ ਇਸ ਦੇ ਲੋਕਾਂ ਲਈ ਆਪਣੀ ਆਵਾਜ਼ ਨਹੀਂ ਉਠਾਈ, ਨਾ ਕਦੇ ਕਿਸਾਨਾਂ ਲਈ ਖੜ੍ਹੇ ਹੋਏ ਅਤੇ ਨਾ ਹੀ ਕਿਸਾਨਾਂ ‘ਤੇ ਭਾਜਪਾ ਦੇ ਅੱਤਿਆਚਾਰਾਂ ਵਿਰੁੱਧ ਕੁਝ ਕਿਹਾ। ਗਰਗ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਕੇਂਦਰ ਵਿੱਚ ਮੰਤਰੀ ਬਣਨਾ ਇਹ ਸਾਬਤ ਕਰਦਾ ਹੈ ਕਿ ਜਾਖੜ ਲਈ ਭਾਜਪਾ ਵਿੱਚ ਵੀ ਕੋਈ ਥਾਂ ਨਹੀਂ ਹੈ।

ਡਾ.ਸੰਨੀ ਆਹਲੂਵਾਲੀਆ ਨੇ ਵੀ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿੰਨ ਕਰੋੜ ਪੰਜਾਬੀਆਂ ਨੇ ਸਭ ਤੋਂ ਵੱਡੇ ਅਤੇ ਇਤਿਹਾਸਕ ਫ਼ਤਵੇ ਨਾਲ ਚੁਣਿਆ ਹੈ, ਪਰ ਸੁਨੀਲ ਜਾਖੜ ਨੂੰ ਸਲੇਕਟੇਡ ਅਤੇ ਇਲੈਕਟੇਡ ਵਿਚ ਫ਼ਰਕ ਨਹੀਂ ਪਤਾ।  ਡਾ. ਆਹਲੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਸਕੂਲ, ਹਸਪਤਾਲ, ਰੁਜ਼ਗਾਰ ਅਤੇ ਵਿਕਾਸ ਦੀ ਗੱਲ ਕਰਦੇ ਹਾਂ, ਜਦਕਿ ਸੁਨੀਲ ਜਾਖੜ ਵਰਗੇ ਆਗੂ ਆਪਣੇ ਹਿੱਤਾਂ ਲਈ ਹੀ ਕੰਮ ਕਰਦੇ ਹਨ। ‘ਆਪ’ ਆਗੂ ਨੇ ਕਿਹਾ ਕਿ ਜਾਖੜ ਨੂੰ ਵੀ ਭਾਜਪਾ ਨੇ ਨਕਾਰ ਦਿੱਤਾ ਹੈ। ਉਨ੍ਹਾਂ ਨੂੰ ਅਬੋਹਰ ਦੇ ਲੋਕਾਂ ਨੇ ਪਹਿਲਾਂ ਹੀ ਨਕਾਰ ਦਿੱਤਾ ਸੀ ਅਤੇ ਕਾਂਗਰਸ ਵਿੱਚ ਵੀ ਉਨ੍ਹਾਂ ਦੀ ਅਣਦੇਖੀ ਹੁੰਦੀ ਰਹੀ।  ਡਾ. ਆਹਲੂਵਾਲੀਆ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਸੁਨੀਲ ਜਾਖੜ ਸਬਕ ਸਿੱਖਣ ਦੀ ਬਜਾਏ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਭਗਵੰਤ ਮਾਨ ਦੇ ਮੁੱਖ ਮੰਤਰੀ ਰਿਹਾਇਸ਼ ਛੱਡਣ ਦੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ‘ਆਪ’ ਆਗੂ ਤੇ ਬੁਲਾਰੇ ਬੱਬੀ ਬਾਦਲ ਨੇ ਕਿਹਾ ਕਿ ਇਹ ਸੁਨੀਲ ਜਾਖੜ ਵਰਗੇ ਲੋਕਾਂ ਦੀ ਸੋਚ ਦਾ ਨਤੀਜਾ ਹੈ।  ਸੀ.ਐਮ.ਭਗਵੰਤ ਮਾਨ ਪੰਜਾਬ ਅਤੇ ਪੰਜਾਬੀਆਂ ਦੇ ਹਰ ਮੁੱਦੇ ਤੋਂ ਜਾਣੂ ਹਨ ਅਤੇ ਉਨ੍ਹਾਂ ਨੂੰ ਕਿਤੇ ਹੋਰ ਰਹਿਣ ਦੀ ਲੋੜ ਨਹੀਂ ਹੈ, ਸਗੋਂ ਉਨ੍ਹਾਂ ਨੇ ਉੱਥੇ ਹੀ ਰਹਿਣਾ ਹੈ ਜਿੱਥੇ ਤਿੰਨ ਕਰੋੜ ਪੰਜਾਬੀਆਂ ਨੇ ਉਨ੍ਹਾਂ ਨੂੰ ਭੇਜਿਆ ਹੈ। ਬੱਬੀ ਬਾਦਲ ਨੇ ਕਿਹਾ ਕਿ ਜੇਕਰ ਕੁੱਝ ਖ਼ਾਲੀ ਹੋ ਰਿਹਾ ਹੈ ਤਾਂ ਉਹ ਹੈ ਪੰਜਾਬ ਭਾਜਪਾ ਦਾ ਦਫ਼ਤਰ, ਕਿਉਂਕਿ ਭਾਜਪਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਲਈ ਹੁਣ ਯਕੀਨੀ ਤੌਰ ‘ਤੇ ਭਾਜਪਾ ਆਪਣੇ ਪੰਜਾਬ ਪ੍ਰਧਾਨ ਨੂੰ ਵੀ ਬਦਲੇਗੀ। ਬੱਬੀ ਬਾਦਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸੁਨੀਲ ਜਾਖੜ ਭਾਜਪਾ ਦੀ ਹੰਕਾਰੀ ਟੀਮ ਵਿੱਚ ਸ਼ਾਮਲ ਹੋ ਗਏ ਹਨ, ਕਿਉਂਕਿ ਕੁਝ ਦਿਨ ਪਹਿਲਾਂ ਆਰਐਸਐਸ ਨੇ ਵੀ ਕਿਹਾ ਸੀ ਕਿ ਭਾਜਪਾ ਆਗੂ ਐਨੇ ਹੰਕਾਰੀ ਹੋ ਗਏ ਹਨ ਕਿ ਉਹ ਹੁਣ ਦੇਸ਼ ਲਈ ਚੰਗੇ ਨਹੀਂ ਹਨ।

About The Author