ਦੇਸ਼ ਦਾ ਅੱਵਲ ਜ਼ਿਲ੍ਹਾ ਬਣਿਆ ਸੰਗਰੂਰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘…ਮੇਰੀ ਮੰਜ਼ਿਲ ‘ਤੇ ਨਜ਼ਰ ਏ’
ਸੰਗਰੂਰ , 31 ਜਨਵਰੀ | ਸੰਗਰੂਰ ਜ਼ਿਲ੍ਹੇ ਨੇ ਪੂਰੇ ਦੇਸ਼ ਭਰ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਦਾ ਅੱਵਲ ਜ਼ਿਲ੍ਹਾ ਚੁਣਿਆ ਗਿਆ ਹੈ।
ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਸੰਗਰੂਰ ਦੇ ਬੈਸਟ ਜ਼ਿਲ੍ਹੇ ਵਜੋਂ ਐਵਾਰਡ ਹਾਸਲ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈਆਂ ਦਿੱਤੀਆਂ ਹਨ। ਟਵਿਟਰ ਜ਼ਰੀਏ ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਚਲਿਆ ਹਾਂ ਮੇਰੀ ਮੰਜ਼ਿਲ ‘ਤੇ ਨਜ਼ਰ ਹੈ, ਅੱਖਾਂ ਨੇ ਕਦੇ ਮੀਲ ਦਾ ਪੱਥਰ ਨਹੀਂ ਵੇਖਿਆ।
ਉਥੋ ਹੀ ਮੰਤਰੀ ਹਰਜੋਤ ਬੈਂਸ ਨੇ ਵੀ ਇਸ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਵੱਲ ਵਧ ਰਹੇ ਪੰਜਾਬ ਸੂਬੇ ਨੇ ਇੱਕ ਹੋਰ ਮੀਲ ਪੱਥਰ ਕਾਇਮ ਕੀਤਾ ਹੈ। ਸੀ.ਐੱਮ. ਮਾਨ ਦਾ ਗ੍ਰਹਿ ਜ਼ਿਲ੍ਹਾ ‘ਗ੍ਰੀਨ ਸਕੂਲ ਪ੍ਰੋਗਰਾਮ’ ਤਹਿਤ ਦੇਸ਼ ਦਾ ਨੰਬਰ 1 ਜ਼ਿਲ੍ਹਾ ਬਣਿਆ ਹੈ। ਅਸੀਂ ਸੂਬੇ ਦੇ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ।
ਮੰਗਲਵਾਰ ਨੂੰ ਐਲਾਨੇ ਗਏ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਦੇ ਸਾਲਾਨਾ ਗ੍ਰੀਨ ਸਕੂਲ ਅਵਾਰਡਾਂ ਵਿੱਚ ਵਾਤਾਵਰਨ ਚੇਤਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਅਗਵਾਈ ਲਈ ‘ਸਰਬੋਤਮ ਰਾਜ’ ਅਤੇ ‘ਸਰਬੋਤਮ ਜ਼ਿਲ੍ਹਾ’ ਇਨਾਮ ਜਿੱਤੇ ਹਨ। ਗ੍ਰੀਨ ਸਕੂਲ ਪ੍ਰੋਗਰਾਮ (GSP) ਦਾ ਉਦੇਸ਼ ਸਕੂਲ ਕੈਂਪਸ ਨੂੰ ਵਾਤਾਵਰਨ ਪੱਖੀ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਚੇਤੰਨ ਬਣਾਉਣਾ ਹੈ।
ਇਸ ਪ੍ਰੋਗਰਾਮ ਤਹਿਤ ਰਾਜ ਦੇ 4734 ਸਕੂਲਾਂ ਨੇ ਆਪਣੀਆਂ ਆਡਿਟ ਰਿਪੋਰਟਾਂ ਪੇਸ਼ ਕੀਤੀਆਂ – 70 ਨੂੰ ‘ਗ੍ਰੀਨ’ ਦਰਜਾ ਦਿੱਤਾ ਗਿਆ। ਸੰਗਰੂਰ ਨੇ 503 ਸਬਮਿਸ਼ਨਾਂ ਨਾਲ ਸਰਵੋਤਮ ਜ਼ਿਲ੍ਹਾ ਪੁਰਸਕਾਰ ਹਾਸਲ ਕੀਤਾ।