ਆਸਟ੍ਰੇਲੀਆ ‘ਚ ਪਤਨੀ ਦੇ ਕਤਲ ਮਾਮਲੇ ‘ਚ ਪੰਜਾਬੀ ਗ੍ਰਿਫ਼ਤਾਰ, ਟਰੈਕਟਰ ਨਾਲ ਕੁਚਲਿਆ

ਬ੍ਰਿਸਬੇਨ , 18 ਫਰਵਰੀ । ਇੱਕ ਵਿਅਕਤੀ ‘ਤੇ ਆਪਣੇ ਖੇਤ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਦਾ ਦੋਸ਼ ਹੈ ਅਤੇ ਉਸ ਨੇ ਉਸ ਨੂੰ ਟਰੈਕਟਰ ਨਾਲ ਕੁਚਲ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਮੌਤ ਇੱਕ ਹਾਦਸਾ ਸੀ। 44 ਸਾਲਾ ਯਾਦਵਿੰਦਰ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਵੀਰਵਾਰ ਸਵੇਰੇ 9 ਵਜੇ ਬ੍ਰਿਸਬੇਨ ਦੇ ਦੱਖਣ ਵਿਚ ਵੁੱਡਹਿੱਲ ਵਿਚ ਆਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਦਾ ਕਤਲ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸਿੰਘ ਨੇ ਆਪਣੀ ਪਤਨੀ ਦੀ ਮੌਤ ਦੀ ਸੂਚਨਾ ਦੇਣ ਲਈ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ ਸੀ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਨੇ ਸ਼੍ਰੀਮਤੀ ਸਰਦਾਰ ਨੂੰ ਗੰਨਾ ਵੱਢਣ ਵਾਲੀ ਮਸ਼ੀਨ ਨਾਲ ਕੁਚਲੇ ਜਾਣ ਤੋਂ ਬਾਅਦ ਖੂਨ ਨਾਲ ਲਥਪਥ ਪਈ ਵੇਖਿਆ ਪਰ ਪੈਰਾਮੈਡਿਕਸ ਉਸ ਨੂੰ ਬਚਾਉਣ ਵਿੱਚ ਅਸਮਰੱਥ ਸਨ ਅਤੇ ਸ੍ਰੀਮਤੀ ਸਰਦਾਰ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਦਾ ਦੋਸ਼ ਹੈ ਕਿ ਸਿੰਘ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਫਿਰ ਲਾਸ਼ ਨਾਲ ਛੇੜਛਾੜ ਕੀਤੀ ਤਾਂ ਜੋ ਮੌਤ ਨੂੰ ਹਾਦਸੇ ਦਾ ਰੂਪ ਦਿੱਤਾ ਜਾ ਸਕੇ।

ਸਿੰਘ ਨੂੰ ਸ਼ੁੱਕਰਵਾਰ ਨੂੰ ਬੀਨਲੇਹ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ‘ਤੇ ਕਤਲ ਅਤੇ ‘ਦਖ਼ਲਅੰਦਾਜ਼ੀ ਕਰਕੇ ਲਾਸ਼ ਨਾਲ ਦੁਰਵਿਵਹਾਰ’ ਦਾ ਦੋਸ਼ ਲਗਾਇਆ ਗਿਆ ਹੈ। ਡਿਟੈਕਟਿਵ ਇੰਸਪੈਕਟਰ ਕ੍ਰਿਸ ਨਾਈਟ ਨੇ ਮੀਡੀਆ ਨੂੰ ਦੱਸਿਆ: ‘ਉਸ [ਸਿੰਘ] ਨੇ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਐਂਬੂਲੈਂਸ ਦੇ ਸੰਚਾਲਕਾਂ ਵੱਲੋਂ ਉਸਨੂੰ ਕੁਝ ਸੀਮਤ ਫਾਲੋ-ਅਪ ਸਵਾਲ ਪੁੱਛੇ ਗਏ ਸਨ।’ ਇੰਸਪੈਕਟਰ ਨਾਈਟ ਨੇ ਅੱਗੇ ਕਿਹਾ ਕਿ ਜਾਸੂਸਾਂ ਨੇ ਸਿੰਘ ਅਤੇ ਸ਼੍ਰੀਮਤੀ ਸਰਦਾਰ ਦੋਵਾਂ ਦੇ ਫੋਨ ਜ਼ਬਤ ਕਰ ਲਏ ਹਨ। ਫੋਨਾਂ ‘ਤੇ ਮਿਲੀਆਂ ਵੀਡੀਓਜ਼ ਦਾ ਵੀ ਜਾਸੂਸਾਂ ਵੱਲੋਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਪੁਲਸ ਨੇ ਦਿਹਾਤੀ ਜਾਇਦਾਦ ਵਿੱਚੋਂ ਇੱਕ ਟਰੈਕਟਰ ਸਲੈਸ਼ਰ ਅਤੇ ਸੇਡਾਨ ਬਰਾਮਦ ਕੀਤਾ ਹੈ। ਜੋੜੇ ਦੇ 2 ਕਿਸ਼ੋਰ ਬੱਚੇ ਹਨ ਅਤੇ ਉਹ 55 ਹੈਕਟੇਅਰ ਦੀ ਜਾਇਦਾਦ ਦੇ ਮਾਲਕ ਹਨ। ਬੱਚੇ ਆਪਣੀ ਮਾਂ ਦੀ ਮੌਤ ਦੇ ਸਮੇਂ ਘਰ ਨਹੀਂ ਸਨ।

About The Author