ਪਟਿਆਲਾ ਜ਼ਿਲ੍ਹੇ ‘ਚ ਲੱਗੇ ਦੂਸਰੇ ਵਿਸ਼ੇਸ਼ ਕੈਂਪ ‘ਚ 1600 ਤੋਂ ਵਧੇਰੇ ਲੰਬਿਤ ਇੰਤਕਾਲ ਕੀਤੇ ਦਰਜ਼

ਪਟਿਆਲਾ , 15 ਜਨਵਰੀ | ਪਟਿਆਲਾ ਜ਼ਿਲ੍ਹੇ ਦੇ ਮਾਲ ਦਫ਼ਤਰਾਂ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਲੰਬਿਤ ਪਏ ਇੰਤਕਾਲ ਦਰਜ ਕਰਨ ਅਤੇ ਤਸਦੀਕ ਕਰਨ ਲਈ ਦੂਸਰਾ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਦਾ ਵੱਡੀ ਗਿਣਤੀ ਜ਼ਿਲ੍ਹਾ ਵਾਸੀਆਂ ਵੱਲੋਂ ਲਾਭ ਲਿਆ ਗਿਆ।
ਵਿਸ਼ੇਸ਼ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਸਮੁੱਚੇ ਜ਼ਿਲ੍ਹੇ ਅੰਦਰ ਮਾਲ ਦਫ਼ਤਰਾਂ ਵਿੱਚ ਲੰਬਿਤ ਪਏ ਇੰਤਕਾਲ ਦਰਜ ਕਰਨ ਲਈ ਕੈਂਪ ਲਗਾਏ ਗਏ ਅਤੇ ਐਸ.ਡੀ.ਐਮਜ਼ ਵੱਲੋਂ ਵੀ ਕੈਂਪ ਵਿੱਚ ਸ਼ਮੂਲੀਅਤ ਕਰਕੇ ਲੋਕਾਂ ਦੀਆਂ ਇੰਤਕਾਲ ਸਬੰਧੀ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ ਗਿਆ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਦੌਰਾਨ ਅੱਜ 1600 ਤੋਂ ਵਧੇਰੇ ਲੰਬਿਤ ਪਏ ਇੰਤਕਾਲ ਦਰਜ਼ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ ਜ਼ਿਲ੍ਹਾ ਵਾਸੀਆਂ ਵੱਲੋਂ ਇਨ੍ਹਾਂ ਕੈਂਪਾਂ ਵਿਚ ਸ਼ਮੂਲੀਅਤ ਕਰਕੇ ਆਪਣੇ ਇੰਤਕਾਲ ਸਬੰਧੀ ਕੇਸਾਂ ਦੇ ਹੱਲ ਕਰਵਾਏ ਗਏ। ਉਨਾਂ ਦੱਸਿਆ ਕਿ ਇਹਨਾਂ ਵਿਸ਼ੇਸ਼ ਕੈਂਪਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰ ਲਏ ਗਏ ਸਨ ਤਾਂ ਜੋ ਲੋਕਾਂ ਨੂੰ ਇੰਤਕਾਲ ਦਰਜ ਕਰਵਾਉਣ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਦੀ ਦਫਤਰਾਂ ਵਿਚ ਖਜਲ ਖੁਆਰੀ ਨਾ ਹੋਵੇ।
ਜ਼ਿਕਰਯੋਗ ਹੈ ਕਿ ਸਬ ਡਵੀਜ਼ਨ ਪੱਧਰ ‘ਤੇ ਲਗਾਏ ਕੈਂਪਾਂ ਸਮੇਤ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੱਗੇ ਕੈਂਪ ਦੀ ਕਮਾਨ ਖੁਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੰਭਾਲੀ ਅਤੇ ਕੈਂਪ ਵਿੱਚ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਦਿੱਤੇ।

About The Author

error: Content is protected !!