ਵਿਧਾਇਕ ਬੱਗਾ ਵਲੋਂ ਵਾਰਡ ਨੰਬਰ ਇੱਕ ‘ਚ ਗਲੀਆਂ ਦੇ ਨਵੀਨੀਕਰਣ ਦਾ ਉਦਘਾਟਨ

ਲੁਧਿਆਣਾ , 05 ਮਾਰਚ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਦੇ ਮੰਤਵ ਨਾਲ ਗਰਾਂਟਾਂ ਦੇ ਗੱਫੇ ਜਾਰੀ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਵਿਕਾਸ ਕਾਰਜ਼ ਦਿਨ-ਰਾਤ ਚੱਲ ਰਹੇ ਹਨ ਅਤੇ ਚੋਣਾਂ ਦੌਰਾਨ ਦਿੱਤੀਆਂ ਗਾਰੰਟੀਆਂ ਨੂੰ ਵੀ ਅਮਲੀ ਜ਼ਾਮਾ ਪਹਿਨਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋ ਪਬਲਿਕ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਅਧੀਨ ਵਾਰਡ ਨੰਬਰ ਇੱਕ ਅਧੀਨ ਅਮਨ ਨਗਰ, ਆਕਾਸ਼ ਨਗਰ ਆਦਿ ਦੀਆਂ ਗਲੀਆਂ ਦੇ ਨਵੀਨੀਕਰਣ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਬੱਗਾ ਨੇ ਦੱਸਿਆ ਕਰੀਬ 90 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਵਸਨੀਕਾਂ ਦੀ ਆਵਾਜਾਈ ਲਈ ਰਾਹ ਸੌਖਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਵਿਧਾਇਕ ਜਨਤਾ ਦੇ ਦਰਬਾਰ ਮੁਹਿੰਮ ਤਹਿਤ ਸ਼ਹਿਰ ਦੀਆਂ ਸਭ ਸੜਕਾਂ ਅਤੇ ਗਲੀਆਂ-ਨਾਲੀਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਿਲਾਂ ਆਉਣਗੀਆਂ ਉਹ ਲੋਕਾਂ ਵਿੱਚ ਰਹਿ ਕੇ ਲੋਕਾਂ ਨਾਲ ਖੜ੍ਹ ਕੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।