ਲੋਕ ਸਭਾ ਚੋਣਾਂ-2024 ਲੋਕ ਸਭਾ ਚੋਣਾਂ ਵਿਚ ਅਪਰਾਧੀਆਂ, ਨਸ਼ੇ ਅਤੇ ਧਨ ਬਲ ਦਾ ਗੁਆਂਢੀ ਸੂਬਿਆਂ ਵਿਚ ਆਵਾਜਾਈ ਰੋਕਣ ਲਈ ਅੰਤਰ ਰਾਜੀ ਤਾਲਮੇਲ ਬੈਠਕ
ਫਾਜ਼ਿਲਕਾ , 23 ਮਾਰਚ | ਲੋਕ ਸਭਾ ਚੋਣਾਂ ਵਿਚ ਅਪਰਾਧੀਆਂ, ਨਸ਼ੇ ਅਤੇ ਧਨ ਬਲ ਦਾ ਗੁਆਂਢੀ ਸੂਬਿਆਂ ਵਿਚ ਆਵਾਜਾਈ ਰੋਕਣ ਲਈ ਅੰਤਰ ਰਾਜੀ ਪੱਧਰ ਤੇ ਬਿਤਹਰ ਤਾਲਮੇਲ ਕਰਨ ਲਈ ਫਾਜ਼ਿਲਕਾ, ਸ੍ਰੀ ਗੰਗਾਨਗਰ ਅਤੇ ਹੰਨੂਮਾਨਗੜ੍ਹ ਜ਼ਿਲ੍ਹਿਆਂ ਦੀ ਇਕ ਸਾਂਝੀ ਬੈਠਕ ਅੱਜ ਇੱਥੇ ਹੋਈ। ਇਸ ਬੈਠਕ ਦੀ ਪ੍ਰਧਾਨਗੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕੀਤੀ। ਇਸ ਬੈਠਕ ਵਿਚ ਸ਼੍ਰੀ ਗੰਗਾ ਨਗਰ ਦੇ ਜ਼ਿਲ੍ਹਾ ਕਲੈਕਟਰ ਸ੍ਰੀ ਲੋਕ ਬੰਦੂ, ਐਸਪੀ ਸ਼੍ਰੀ ਗੰਗਾ ਨਗਰ ਗੌਰਵ ਯਾਦਵ ਤੋਂ ਇਲਾਵਾ ਫਾਜ਼ਿਲਕਾ ਅਤੇ ਹਨੁਮਾਨਗੜ੍ਹ ਜ਼ਿਲਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਹੈ ਕਿ ਚੋਣਾਂ ਦੌਰਾਨ ਸਮਾਜ ਵਿਰੋਧੀ ਤੱਤ ਚੋਣਾਂ ਨੂੰ ਪ੍ਰਭਾਵਿਤ ਨਾ ਕਰ ਸਕਣ। ਉਹਨਾਂ ਨੇ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਪੁਲਿਸ ਆਬਕਾਰੀ ਅਤੇ ਹੋਰ ਵਿਭਾਗਾਂ ਵਿੱਚ ਆਪਸ ਵਿੱਚ ਬਿਹਤਰ ਤਾਲਮੇਲ ਹੋਵੇ। ਉਹਨਾਂ ਨੇ ਕਿਹਾ ਕਿ ਗੈਰ ਸਮਾਜਿਕ ਤੱਤਾਂ ਦੇ ਅੰਤਰਰਾਜੀ ਪ੍ਰਵਾਹ ਨੂੰ ਰੋਕਣ ਲਈ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਇਹ ਨਾਕਾਬੰਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਸਰਹੱਦ ਤੇ 24 ਨਾਕੇ ਲਗਾਏ ਜਾ ਰਹੇ ਹਨ। ਇਸ ਤੋਂ ਬਿਨਾਂ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ਨੂੰ ਵੀ ਸਖਤੀ ਨਾਲ ਰੋਕਿਆ ਜਾਵੇਗਾ।
ਗੰਗਾ ਨਗਰ ਦੇ ਜ਼ਿਲ੍ਹਾ ਕਲੈਕਟਰ ਸ਼੍ਰੀ ਲੋਕ ਬਧੂ ਨੇ ਕਿਹਾ ਕਿ ਗੰਗਾ ਨਗਰ ਜ਼ਿਲ੍ਹੇ ਦੀ 48 ਕਿਲੋਮੀਟਰ ਹੱਦ ਅਤੇ ਹਨੁਮਾਨਗੜ੍ਹ ਦੀ 18 ਕਿਲੋਮੀਟਰ ਦੀ ਹੱਦ ਪੰਜਾਬ ਨਾਲ ਲੱਗਦੀ ਹੈ ਅਤੇ ਇਥੋਂ ਇੱਕ ਦੂਜੇ ਸੂਬੇ ਵਿੱਚ ਸਮਾਜ ਵਿਰੋਧੀ ਤੱਤਾਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਸ ਵਿਚ ਸੂਚਨਾਵਾਂ ਦੇ ਅਦਾਨ ਪ੍ਰਦਾਨ ਦੀ ਲੋੜ ਤੇ ਜੋਰ ਦਿੱਤਾ ਅਤੇ ਕਿਹਾ ਕਿ ਆਪਸੀ ਤਾਲਮੇਲ ਨਾਲ ਮਾੜੇ ਅਨਸਰਾਂ ਨੂੰ ਨੱਥ ਪਾਉਣੀ ਬਹੁਤ ਆਸਾਨ ਹੋ ਜਾਂਦੀ ਹੈ।
ਇਸ ਬੈਠਕ ਵਿੱਚ ਬੀਕਾਨੇਰ ਦੇ ਆਈਜੀ ਸ੍ਰੀ ਓਮ ਪ੍ਰਕਾਸ਼ ਵੀ ਵੀਡੀਓ ਕਾਨਫਰੰਸ ਰਾਹੀਂ ਜੁੜੇ ਅਤੇ ਉਹਨਾਂ ਨੇ ਕਿਹਾ ਕਿ ਚੌਂਕੀ ਪੱਧਰ ਤੋਂ ਐਸਐਸਪੀ ਪੱਧਰ ਤੱਕ ਦੋਹਾਂ ਜ਼ਿਲਿਆਂ ਦੇ ਵਿੱਚ ਬਿਹਤਰ ਤਾਲਮੇਲ ਹੋਵੇਗਾ ਤਾਂ ਸ਼ਾਂਤੀਪੂਰਨ ਚੋਣਾਂ ਕਰਵਾਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਐਸਪੀ ਗੰਗਾ ਨਗਰ ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਨਾਕਾਬੰਦੀ ਦੇ ਨਾਲ ਨਾਲ ਦੋਹਾਂ ਰਾਜਾਂ ਦੀ ਪੁਲਿਸ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਾਂਝੇ ਆਪਰੇਸ਼ਨ ਵੀ ਕਰੇਗੀ ਅਤੇ ਇੱਕ ਦੂਸਰੇ ਨਾਲ ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਵੇਗਾ। ਆਬਕਾਰੀ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਪਰਮਿਟਸੁਧਾ ਸ਼ਰਾਬ ਦੀ ਮੂਵਮੈਂਟ ਸਬੰਧੀ ਵੀ ਇੱਕ ਦੂਜੇ ਨੂੰ ਸੂਚਨਾ ਦੇਣਗੇ ਅਤੇ ਜੇਕਰ ਕੋਈ ਗੈਰ ਕਾਨੂੰਨੀ ਤਸਕਰੀ ਦੀ ਸੂਚਨਾ ਹੋਵੇਗੀ ਤਾਂ ਉਸ ਨੂੰ ਵੀ ਆਪਸ ਵਿੱਚ ਸਾਂਝਾ ਕੀਤਾ ਜਾਵੇਗਾ।
ਇਸ ਮੌਕੇ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਡੀਐਮ ਅਬੋਹਰ ਸ਼੍ਰੀ ਪੰਕਜ ਬਾਂਸਲ, ਐਸਡੀਐਮ ਫਾਜ਼ਿਲਕਾ ਸ਼੍ਰੀ ਵਿਪਨ ਕੁਮਾਰ, ਐਸਡੀਐਮ ਜਲਾਲਾਬਾਦ ਸ਼੍ਰੀ ਬਲਕਰਨ ਸਿੰਘ, ਐਸਪੀ (ਓਪਰੇਸ਼ਨ) ਫਾਜ਼ਿਲਕਾ ਸ੍ਰੀ ਕਰਨਵੀਰ ਸਿੰਘ, ਐਸਡੀਐਮ ਸੰਗਰੀਆ ਰਾਕੇਸ਼ ਕੁਮਾਰ ਮੀਨਾ ਵੀ ਹਾਜ਼ਰ ਸਨ।