ਲੋਕ ਸਭਾ ਚੋਣਾਂ 2024 ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਤੇ ਚੋਣ ਖਰਚ ਤੇ ਚੋਣ ਕਮਿਸ਼ਨ ਦੀ ਰਵੇਗੀ ਬਾਜ ਅੱਖ

ਫਾਜ਼ਿਲਕਾ , 20  ਮਾਰਚ | ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖਰਚ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਰਹੇਗੀ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਨੇ ਵੱਖ-ਵੱਖ ਖਰਚਾ ਨਿਗਰਾਨ ਕਾਰਜਾਂ ਵਿੱਚ ਲੱਗੀਆਂ ਟੀਮਾਂ ਦੇ ਸਿਖਲਾਈ ਸੈਸ਼ਨ ਦੌਰਾਨ ਕਹੀ । ਉਨਾਂ ਨੇ ਸਾਰੀਆਂ ਟੀਮਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਨਦੇਹੀ ਨਾਲ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਦੇ ਨਿਭਾਉਣ।
ਇਸ ਮੌਕੇ ਲੋਕ ਸਭਾ ਹਲਕਾ 10 ਫਿਰੋਜ਼ਪੁਰ ਦੇ ਚੋਣ ਖਰਚਿਆਂ ਦੇ ਸਹਾਇਕ ਨੋਡਲ ਅਫਸਰ ਐਚ ਐਸ ਸਿੱਧੂ ਨੇ ਵੱਖ-ਵੱਖ ਟੀਮਾਂ ਨੂੰ ਚੋਣ ਖਰਚਿਆਂ ਦੀ ਨਿਗਰਾਨੀ ਸਬੰਧੀ ਸਿਖਲਾਈ ਦਿੱਤੀ । ਉਹਨਾਂ ਨੇ ਦੱਸਿਆ ਕਿ ਚੋਣ ਖਰਚਿਆਂ ਦੀ ਨਿਗਰਾਨੀ ਲਈ ਜਿੱਥੇ ਚੋਣ ਕਮਿਸ਼ਨ ਖਰਚਾ ਨਿਗਰਾਨ ਨਿਯੁਕਤ ਕਰੇਗਾ ਉਥੇ ਹੀ ਵਿਧਾਨ ਸਭਾ ਹਲਕਿਆਂ ਵਿਚ ਸਹਾਇਕ ਖਰਚਾ ਨਿਗਰਾਨ ਵੀ ਤੈਨਾਤ ਹੋਣਗੇ । ਇਸ ਤੋਂ ਬਿਨਾਂ ਸਾਰੀਆਂ ਚੋਣ ਰੈਲੀਆਂ ਸਭਾਵਾਂ ਦੀ ਵੀਡੀਓਗ੍ਰਾਫੀ ਕਰਵਾ ਕੇ ਉਸ ਦੇ ਆਧਾਰ ਤੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਰੇਕ ਖਰਚ ਨੂੰ ਉਹਨਾਂ ਦੇ ਚੋਣ ਖਰਚ ਵਿੱਚ ਜੋੜਿਆ ਜਾਵੇਗਾ। ਇਸੇ ਤਰਾਂ ਉਮੀਦਵਾਰਾਂ ਵੱਲੋਂ ਪੇਡ ਨਿਊਜ਼ ਜਾਂ ਸਿਆਸੀ ਇਸ਼ਤਿਹਾਰਬਾਜ਼ੀ ਤੇ ਕੀਤੇ ਜਾਣ ਵਾਲੇ ਖਰਚ ਨੂੰ ਵੀ ਚੋਣ ਖਰਚ ਦਾ ਹਿੱਸਾ ਬਣਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਖਰਚਾ ਨਿਗਰਾਨ ਸੈਲ ਉਮੀਦਵਾਰਾਂ ਦੇ ਖਰਚੇ ਦਾ ਹਰੇਕ ਹਿਸਾਬ ਇੱਕ ਸ਼ੈਡੋ ਰਜਿਸਟਰ ਵਿੱਚ ਦਰਜ ਕਰੇਗਾ।
ਉਹਨਾਂ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਹਰ ਰੈਲੀ, ਸਭਾ, ਪੋਸਟਰ, ਬੈਨਰ, ਇਸ਼ਤਿਹਾਰਬਾਜੀ, ਵਾਹਨ ਆਦਿ ਦਾ ਖਰਚਾ ਜੋੜਿਆ ਜਾਵੇਗਾ। ਇੱਕ ਉਮੀਦਵਾਰ ਲਈ ਵੱਧ ਤੋਂ ਵੱਧ 95 ਲੱਖ ਰੁਪਏ ਤੱਕ ਦੇ ਖਰਚਾ ਕਰਨ ਦੀ ਆਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਸਿਆਸੀ ਇਸ਼ਤਿਹਾਰਬਾਜ਼ੀ ਨਹੀਂ ਲਗਾਈ ਜਾ ਸਕਦੀ ਅਤੇ ਨਾ ਹੀ ਮਾਲਕ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਪਾਰਟੀ ਦਾ ਝੰਡਾ ਲਾਇਆ ਜਾ ਸਕਦਾ ਹੈ। ਉਹਨਾਂ ਇਹ ਦੱਸਿਆ ਕਿ 50 ਹਜਾਰ ਤੋਂ ਘੱਟ ਜੇਕਰ ਕਿਸੇ ਕੋਲ ਨਗਦੀ ਹੈ ਤਾਂ ਉਸ ਨੂੰ ਅਜਿਹੀ ਨਕਦੀ ਲੈ ਕੇ ਚੱਲਣ ਤੇ ਕੋਈ ਰੋਕ ਨਹੀਂ ਹੈ । ਜਦਿ ਕਿ 50 ਹਜਾਰ ਤੋਂ 10 ਲੱਖ ਰੁਪਏ ਤੱਕ ਦੀ ਜੇਕਰ ਕਿਸੇ ਕੋਲ ਨਗਦੀ ਹੈ ਤਾਂ ਉਸ ਕੋਲ ਇਸ ਰਕਮ ਸੰਬੰਧੀ ਲੋੜੀਦੇ ਸਬੂਤ ਹੋਣੇ ਲਾਜ਼ਮੀ ਹਨ ਅਜਿਹਾ ਨਾ ਹੋਣ ਤੇ ਇਹ ਨਗਦੀ ਜਬਤ ਕਰ ਲਈ ਜਾਵੇਗੀ ਅਤੇ ਇਸ ਨੂੰ ਬਕਾਇਦਾ ਇੱਕ ਜਿਲਾ ਪੱਧਰੀ ਕਮੇਟੀ ਦੀ ਪ੍ਰਵਾਨਗੀ ਨਾਲ ਹੀ ਉਚਿਤ ਸਬੂਤ ਦੇਣ ਤੇ ਛੱਡਿਆ ਜਾਵੇਗਾ। ਇਸੇ ਤਰਾਂ 10 ਲੱਖ ਤੋਂ ਵੱਡੀ ਨਗਦ ਬਰਾਮਦਗੀ ਇਨਕਮ ਟੈਕਸ ਵਿਭਾਗ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਉਮੀਦਵਾਰ ਦੇ ਸਮਰਥਕ ਦੇ ਨਿੱਜੀ ਵਾਹਨ ਤੇ ਕਿਸੇ ਉਮੀਦਵਾਰ ਦੀ ਫੋਟੋ ਵਾਲਾ ਪੋਸਟਰ ਬੈਨਰ ਲੱਗਿਆ ਹੈ ਤਾਂ ਉਸ ਵਾਹਨ ਦਾ ਖਰਚਾ ਵੀ ਉਮੀਦਵਾਰ ਦੇ ਖਰਚੇ ਵਿੱਚ ਜੋੜਿਆ ਜਾਵੇਗਾ ਅਤੇ ਜੇਕਰ ਕਿਸੇ ਪਾਰਟੀ ਦੀ ਝੰਡੀ ਲੱਗੀ ਹੈ ਤਾਂ ਉਹ ਖਰਚਾ ਪਾਰਟੀ ਦੇ ਖਰਚ ਵਿੱਚ ਜੋੜਿਆ ਜਾਏਗਾ। ਇਸ ਮੌਕੇ ਸ਼੍ਰੀ ਵਿਨੇ ਕੁਮਾਰ ਵੀ ਹਾਜ਼ਰ ਸਨ।

About The Author

You may have missed