‘ਲੋਕ ਸਭਾ ਹਲਕਾ ਪਟਿਆਲਾ’ 18 ਲੱਖ 6 ਹਜ਼ਾਰ 424 ਵੋਟਰ 26 ਉਮੀਦਵਾਰਾਂ ‘ਚੋਂ ਚੁਨਣਗੇ ਆਪਣਾ ਲੋਕ ਸਭਾ ਮੈਂਬਰ
ਪਟਿਆਲਾ , 24 ਮਈ | ”ਲੋਕ ਸਭਾ ਦੀਆਂ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਲੋਕ ਸਭਾ ਹਲਕਾ ਪਟਿਆਲਾ-13 ਦੇ 18 ਲੱਖ 6 ਹਜ਼ਾਰ 424 ਵੋਟਰ ਆਪਣੀਆਂ ਵੋਟਾਂ ਪਾ ਸਕਣਗੇ। ਇਨ੍ਹਾਂ ਵੋਟਰਾਂ ਵਿੱਚ 8 ਲੱਖ 62 ਹਜ਼ਾਰ 44 ਇਸਤਰੀ, 9 ਲੱਖ 44 ਹਜ਼ਾਰ 300 ਮਰਦ ਅਤੇ 80 ਥਰਡ ਜੈਂਡਰ ਵੋਟਰ ਹਨ, ਜੋ ਕਿ 26 ਉਮੀਦਵਾਰਾਂ ਵਿੱਚੋਂ ਆਪਣਾ ਲੋਕ ਸਭਾ ਮੈਂਬਰ ਚੁਨਣ ਲਈ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।” ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 14 ਮਈ ਨੂੰ ਨਵੀਂ ਵੋਟਰ ਸੂਚੀ ਜਾਰੀ ਹੋਣ ਮਗਰੋਂ ਲੋਕ ਸਭਾ ਹਲਕੇ ਵਿੱਚ 13200 ਨਵੇਂ ਵੋਟਰਾਂ ਦਾ ਇਜ਼ਾਫ਼ਾ ਹੋਇਆ ਹੈ ਤੇ 4374 ਵੋਟਾਂ ਕੱਟੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 8 ਵਿਧਾਨ ਸਭਾ ਹਲਕੇ ਪਟਿਆਲਾ ਜ਼ਿਲ੍ਹੇ ਅੰਦਰ ਤੇ ਡੇਰਾਬਸੀ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦਾ ਹੈ। ਹਲਕੇ ਅੰਦਰ 18 ਤੋਂ 19 ਸਾਲ ਦੇ 42240 ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਪਾਉਣਗੇ, 85 ਸਾਲਾਂ ਤੋਂ ਵੱਧ ਉਮਰ ਦੇ 16241 ਵੋਟਰ, 90 ਤੋਂ 100 ਸਾਲਾਂ ਦੀ ਉਮਰ ਦੇ ਦਰਮਿਆਨ 5431 ਅਤੇ 100 ਤੋਂ ਵੱਧ ਉਮਰ ਦੇ 458 ਵੋਟਰ ਹਨ। 13763 ਦਿਵਿਆਂਗਜਨ, 5168 ਸਰਵਿਸ ਵੋਟਰ ਅਤੇ 38 ਐਨ.ਆਰ.ਆਈ. ਵੋਟਰ ਹਨ।
ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਲਈ ਲੋਕ ਸਭਾ ਹਲਕੇ ‘ਚ 2082 ਪੋਲਿੰਗ ਬੂਥ ਬਣਾਏ ਗਏ ਹਨ ਤੇ ਸੁਰੱਖਿਆ ਦੇ ਲਿਹਾਜ ਨਾਲ ਹਰ ਬੂਥ ‘ਤੇ ਵੈਬ ਕਾਸਟਿੰਗ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕੇ ‘ਚ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ 10 ਹਜ਼ਾਰ ਦੇ ਕਰੀਬ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਇਸ ਤੋਂ ਬਿਨ੍ਹਾਂ 26 ਉਮੀਦਵਾਰਾਂ ਅਤੇ 1 ਬਟਨ ਨੋਟਾ ਦਾ ਹੋਣ ਕਰਕੇ ਈ.ਵੀ.ਐਮ. ਨਾਲ ਬੈਲੇਟ ਯੂਨਿਟ ਦਾ ਇੱਕ-ਇੱਕ ਵਾਧੂ ਯੁਨਿਟ ਲਗਾਇਆ ਜਾ ਰਿਹਾ ਹੈ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਵੋਟਾਂ ਵਾਲੇ ਦਿਨ ਦਿਵਿਆਂਗ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਅਤੇ ਲੋੜੀਂਦੀਆਂ ਜਰੂਰੀ ਸਹੂਲਤਾਂ, ਵਲੰਟੀਅਰ ਦੀ ਸਹਾਇਤਾ, ਵੀਲ੍ਹ ਚੇਅਰ, ਸਟਰੈਚਰ, ਗਰਮ ਲੂਅ ਦੇ ਮੱਦੇਨਜ਼ਰ ਛਬੀਲ ਤੇ ਪੀਣ ਵਾਲਾ ਪਾਣੀ, ਛਾਂ, ਛੋਟੇ ਬੱਚਿਆਂ ਲਈ ਕਰੈਚ ਆਦਿ ਸਹੂਲਤਾਂ ਪ੍ਰਦਾਨ ਕਰਨ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਨੂੰ ਘਰ-ਘਰ ਜਾ ਕੇ ਫੋਟੋ ਵੋਟਰ ਸਲਿਪਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ, ਵੋਟਰ ਇਹ ਫੋਟੋ ਵੋਟਰ ਸਲਿਪ ਜਾਂ ਆਪਣੀ ਪਛਾਣ ਦਾ ਕੋਈ ਹੋਰ ਦਸਤਾਵੇਜ ਦਿਖਾ ਕੇ ਹੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ 109-ਨਾਭਾ ਹਲਕੇ ਵਿੱਚ ਕੁਲ 1 ਲੱਖ 87 ਹਜ਼ਾਰ 190 ਵੋਟਰ ਹਨ ਜਿਨ੍ਹਾਂ ‘ਚ 97 ਹਜ਼ਾਰ 464 ਮਰਦ ਵੋਟਰ, 89 ਹਜ਼ਾਰ 716 ਇਸਤਰੀ ਤੇ ਥਰਡ ਜੈਂਡਰ 10 ਵੋਟਰ ਹਨ। 110-ਪਟਿਆਲਾ ਦਿਹਾਤੀ ਵਿੱਚ ਕੁਲ 2 ਲੱਖ 19 ਹਜ਼ਾਰ 862 ਵੋਟਰ ਜਿਨ੍ਹਾਂ ‘ਚ 1 ਲੱਖ 13 ਹਜ਼ਾਰ 377 ਮਰਦ ਵੋਟਰ, 1 ਲੱਖ 6 ਹਜ਼ਾਰ 479 ਇਸਤਰੀ ਤੇ ਥਰਡ ਜੈਂਡਰ 6 ਵੋਟਰ ਹਨ। 111-ਰਾਜਪੁਰਾ ਹਲਕੇ ਵਿੱਚ ਕੁਲ 1 ਲੱਖ 81 ਹਜ਼ਾਰ 273 ਵੋਟਰ ਹਨ ਜਿਨ੍ਹਾਂ ‘ਚ 95 ਹਜ਼ਾਰ 160 ਮਰਦ, 86 ਹਜ਼ਾਰ 108 ਇਸਤਰੀ ਤੇ ਥਰਡ ਜੈਂਡਰ 5 ਵੋਟਰ ਹਨ।
ਇਸੇ ਤਰ੍ਹਾਂ 112-ਡੇਰਾਬਸੀ ਹਲਕੇ ਵਿੱਚ ਕੁਲ 2 ਲੱਖ 96 ਹਜ਼ਾਰ 951 ਵੋਟਰ ਹਨ ਅਤੇ 1 ਲੱਖ 55 ਹਜ਼ਾਰ 871 ਮਰਦ, 1 ਲੱਖ 41 ਹਜ਼ਾਰ 59 ਇਸਤਰੀ ਵੋਟਰ ਤੇ ਥਰਡ ਜੈਂਡਰ 21 ਵੋਟਰ ਹਨ। 113-ਘਨੌਰ ਵਿੱਚ ਕੁਲ 1 ਲੱਖ 64 ਹਜ਼ਾਰ 216 ਵੋਟਰ ਹਨ ਤੇ 88 ਹਜ਼ਾਰ 306 ਮਰਦ, 75 ਹਜ਼ਾਰ 910 ਇਸਤਰੀ ਵੋਟਰ ਤੇ ਤੀਜੇ ਲਿੰਗ ਵਾਲਾ ਕੋਈ ਵੋਟਰ ਨਹੀਂ ਹੈ। ਹਲਕਾ 114-ਸਨੌਰ ਵਿਖੇ ਕੁਲ 2 ਲੱਖ 26 ਹਜ਼ਾਰ 886 ਵੋਟਰ ਹਨ, ਇਨ੍ਹਾਂ ਵਿੱਚ 1 ਲੱਖ 19 ਹਜ਼ਾਰ 245 ਮਰਦ, 1 ਲੱਖ 7 ਹਜ਼ਾਰ 634 ਇਸਤਰੀ, ਥਰਡ ਜੈਂਡਰ 7 ਵੋਟਰ ਹਨ।
ਹਲਕਾ 115-ਪਟਿਆਲਾ ਸ਼ਹਿਰੀ ਵਿਖੇ ਕੁਲ 1 ਲੱਖ 52 ਹਜ਼ਾਰ 570 ਵੋਟਰ ਹਨ, ਜਿਨ੍ਹਾਂ ਵਿੱਚ 78 ਹਜ਼ਾਰ 440 ਮਰਦ, 74 ਹਜ਼ਾਰ 118 ਇਸਤਰੀ ਵੋਟਰ ਤੇ ਥਰਡ ਜੈਂਡਰ 12 ਵੋਟਰ ਹਨ। ਜਦੋਂਕਿ 116-ਸਮਾਣਾ ਹਲਕੇ ਵਿਖੇ ਕੁਲ 1 ਲੱਖ 88 ਹਜ਼ਾਰ 834 ਵੋਟਰ ਹਨ, ਜਿਨ੍ਹਾਂ ਵਿੱਚ 98 ਹਜ਼ਾਰ 382 ਮਰਦ, 90 ਹਜ਼ਾਰ 439 ਇਸਤਰੀ ਤੇ ਥਰਡ ਜੈਂਡਰ 13 ਵੋਟਰ ਹਨ। ਇਸੇ ਤਰ੍ਹਾਂ 117-ਸ਼ੁਤਰਾਣਾ ਹਲਕੇ ਵਿਖੇ ਕੁਲ 1 ਲੱਖ 88 ਹਜ਼ਾਰ 642 ਵੋਟਰ ਹਨ ਜਿਨ੍ਹਾਂ ਵਿੱਚ 98 ਹਜ਼ਾਰ 55 ਮਰਦ, 90 ਹਜ਼ਾਰ 581 ਇਸਤਰੀ ਤੇ ਇੱਥੇ ਥਰਡ ਜੈਂਡਰ 6 ਵੋਟਰ ਹਨ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੋਟਾਂ ਪੈਣ ਦਾ ਅਮਲ ਅਮਨ-ਅਮਾਨ, ਨਿਰਪੱਖ ਅਤੇ ਨਿਰਵਿਘਨਤਾ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਪੋਲਿੰਗ ਬੂਥਾਂ ‘ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਕਰਵਾਉਣ ਲਈ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟਾਂ ਪਾ ਸਕਣ। ਲੋਕ ਸਭਾ ਪਟਿਆਲਾ ਹਲਕੇ ਅੰਦਰ ਪੈਂਦੇ ਸਾਰੇ ਹਲਕਿਆਂ ਵਿਖੇ ਤਾਇਨਾਤ ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਨੂੰ ਜੀ.ਪੀ.ਐਸ. ਤੇ ਕੈਮਰਿਆਂ ਨਾਲ ਲੈਸ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਿਰਪੱਖ, ਸੁਤੰਤਰ ਤੇ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ।