ਸੂਰਜ ਦੀ ਰੋਸ਼ਨੀ ਮਿਲਦੇ ਹੀ ਜਾਗਿਆ ਜਾਪਾਨ ਦਾ ਮੂਨ ਲੈਂਡਰ, ਪੁਲਾੜ ਏਜੰਸੀ ਜਾਕਸਾ ਨੇ ਇਸ ਨੂੰ ਦੱਸਿਆ ਚਮਤਕਾਰ
ਟੋਕੀਓ , 28 ਫਰਵਰੀ । ਜਾਪਾਨ ਦੇ ਪਹਿਲੇ ਮੂਨ ਲੈਂਡਰ ਨੇ ਧਰਤੀ ਤੋਂ ਇਕ ਸੰਕੇਤ ਦਾ ਜਵਾਬ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਹਫ਼ਤੇ ਭਰ ਦੀ ਦੂਜੀ ਚੰਦਰਮਾ ਦੀ ਰਾਤ ਤੋਂ ਬਚ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜਾਪਾਨ ਦੀ ਪੁਲਾੜ ਏਜੰਸੀ ਜਾਕਸਾ ਨੇ ਇਸ ਨੂੰ ਚਮਤਕਾਰ ਦੱਸਿਆ। ਬੀਤੀ 20 ਜਨਵਰੀ ਨੂੰ ਜਾਪਾਨ ਦੇ ਮਨੁੱਖ ਰਹਿਤ ਸਮਾਰਟ ਲੈਂਡਰ ਫਾਰ ਇਨਵੈਸਟੀਗੇਟਿੰਗ (ਐੱਸਐੱਲਆਈਐੱਮ) ਨੇ 20 ਜਨਵਰੀ ਨੂੰ ਚੰਦਰਮਾ ’ਤੇ ਸਾਫਟ ਲੈਂਡਿੰਗ ਕੀਤੀ ਸੀ। ਇਸ ਦੇ ਨਾਲ ਹੀ ਜਾਪਾਨ ਚੰਦ ’ਤੇ ਪੁੱਜਣ ਵਾਲਾ ਪੰਜਵਾਂ ਦੇਸ਼ ਬਣ ਗਿਆ। ਜਾਕਸਾ ਨੇ ਦੱਸਿਆ ਕਿ ਐੱਸਐੱਲਆਈਐੱਮ ਬੀਤੇ ਮਹੀਨੇ ਗ਼ਲਤ ਦਿਸ਼ਾ ’ਚ ਡਿੱਗ ਗਿਆ ਸੀ ਤੇ ਇਸ ਦੇ ਸੌਰ ਪੈਨਲਾਂ ਤੱਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚ ਰਹੀ ਸੀ। ਹਾਲਾਂਕਿ ਸੂਰਜ ਦੀ ਰੋਸ਼ਨੀ ਮਿਲਦੇ ਹੀ ਲੈਂਡਿੰਗ ਦੇ ਅੱਠਵੇਂ ਦਿਨ ਐੱਸਐੱਲਆਈਐੱਮ ਨਾਲ ਸੰਪਰਕ ਹੋ ਗਿਆ। ਜਾਕਸਾ ਨੇ ਕਿਹਾ ਕਿ ਚੰਦਰਮਾ ’ਤੇ ਦੁਪਹਿਰ ਹੋਣ ਕਾਰਨ ਐੱਸਐੱਲਆਈਐੱਮ ਦਾ ਤਾਪਮਾਨ ਤਕਰੀਬਨ 100 ਡਿਗਰੀ ਸੈਲਸੀਅਸ ’ਤੇ ਪੁੱਜ ਗਿਆ ਸੀ। ਇਸ ਕਾਰਨ ਐਤਵਾਰ ਨੂੰ ਸੰਪਰਕ ਬਹੁਤ ਘੱਟ ਹੋ ਸਕਿਆ।