ਜੈਸ਼ੰਕਰ ਨੇ ਫੌ਼ੌਜਾਂ ਦੀ ਵਾਪਸੀ ਦੇ ਮੁੱਦੇ ‘ਤੇ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਕੀਤੀ ਚਰਚਾ, ਅੱਜ ਤੋਂ ਯੁਗਾਂਡਾ ‘ਚ ਗੈਰ-ਗਠਬੰਧਨ ਦੇਸ਼ਾਂ ਦੀ ਹੋਵੇਗੀ ਬੈਠਕ
ਨਵੀਂ ਦਿੱਲੀ , 19 ਜਨਵਰੀ । ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜਮੀਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਭਾਰਤ-ਮਾਲਦੀਵ ਸਬੰਧਾਂ ‘ਤੇ ਖੁੱਲ੍ਹ ਕੇ ਗੱਲਬਾਤ ਹੋਈ। ਜੈਸ਼ੰਕਰ ਨੇ ਇੰਟਰਨੈੱਟ ਮੀਡੀਆ ਐਕਸ ‘ਤੇ ਪੋਸਟ ਕਰਕੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਮਾਲਦੀਵ ਤੋਂ ਭਾਰਤੀ ਸੈਨਿਕਾਂ ਦੀ ਵਾਪਸੀ ‘ਤੇ ਵੀ ਚਰਚਾ ਹੋਈ। ਮੌਜੂਦਾ ਸਮੇਂ ਵਿੱਚ ਭਾਰਤ ਅਤੇ ਮਾਲਦੀਵ ਦੇ ਸਬੰਧਾਂ ਵਿੱਚ ਭਾਰਤੀ ਫ਼ੌਜਾਂ ਦੀ ਵਾਪਸੀ ਦਾ ਮੁੱਦਾ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨੂੰ 15 ਮਾਰਚ ਤੱਕ ਆਪਣੀਆਂ ਫੌਜਾਂ ਵਾਪਸ ਬੁਲਾਉਣ ਦੀ ਸਮਾਂ ਸੀਮਾ ਤੈਅ ਕੀਤੀ ਹੈ। ਜੈਸ਼ੰਕਰ ਨੇ ਇੱਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜਮੀਰ ਨਾਲ ਭਾਰਤ-ਮਾਲਦੀਵ ਸਬੰਧਾਂ ‘ਤੇ ਸਪੱਸ਼ਟ ਗੱਲਬਾਤ ਕੀਤੀ ਹੈ। ਗੈਰ-ਗਠਜੋੜ ਵਾਲੇ ਦੇਸ਼ਾਂ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸ਼ੁੱਕਰਵਾਰ ਤੋਂ ਕੰਪਾਲਾ ‘ਚ ਗੈਰ-ਗਠਜੋੜ ਅੰਦੋਲਨ (NAM) ਦੇ ਦੋ ਦਿਨਾਂ ਸੰਮੇਲਨ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਜੈਸ਼ੰਕਰ ਦੀ ਯੂਗਾਂਡਾ ਅਤੇ ਨਾਈਜੀਰੀਆ ਦੀ ਯਾਤਰਾ ਦੀ ਘੋਸ਼ਣਾ ਕਰਦੇ ਹੋਏ, ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਮੂਹ ਦੇ ਮੋਹਰੀ ਅਤੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਗੈਰ-ਗਠਜੋੜ ਅੰਦੋਲਨ ਦੇ ਸਿਧਾਂਤਾਂ ਅਤੇ ਮੁੱਲਾਂ ਪ੍ਰਤੀ ਵਚਨਬੱਧ ਹੈ।