ਇਜ਼ਰਾਈਲ ਨੇ ਹਮਾਸ ਦੇ ਕਬਜ਼ੇ ‘ਚੋਂ ਮਹਿਲਾ ਸੈਨਿਕ ਨੂੰ ਛੁਡਾਇਆ, PM ਬੋਲੇ- ਅਸੀਂ ਜੰਗਬੰਦੀ ਨਹੀਂ ਕਰਾਂਗੇ

ਇਜ਼ਰਾਈਲ, 31 ਅਕਤੂਬਰ | ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 25ਵਾਂ ਦਿਨ ਹੈ। ਇਜ਼ਰਾਇਲੀ ਫੌਜ ਨੇ ਸੋਮਵਾਰ ਦੇਰ ਰਾਤ ਇੱਕ ਬਿਆਨ ਜਾਰੀ ਕੀਤਾ ਜਿਸ ਵਿਚ ਉਸ ਨੇ ਕਿਹਾ ਕਿ- ਅਸੀਂ ਗਾਜ਼ਾ ‘ਚ ਕਈ ਘੰਟਿਆਂ ਤੱਕ ਵਿਸ਼ੇਸ਼ ਅਤੇ ਗੁਪਤ ਮਿਲਟਰੀ ਆਪਰੇਸ਼ਨ ਚਲਾਇਆ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਹਮਾਸ ਦੁਆਰਾ ਫੜੀ ਗਈ ਆਪਣੀ ਇੱਕ ਮਹਿਲਾ ਸੈਨਿਕ ਨੂੰ ਵੀ ਬਚਾਇਆ। ਇਹ ਮਹਿਲਾ ਫੌਜੀ ਹੁਣ ਆਪਣੇ ਪਰਿਵਾਰ ਨਾਲ ਹੈ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ।

ਇਜ਼ਰਾਇਲੀ ਫੌਜ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ‘ਚ ਗਾਜ਼ਾ ‘ਚ ਜ਼ਮੀਨੀ ਕਾਰਵਾਈ ਤੇਜ਼ ਕੀਤੀ ਜਾਵੇਗੀ। ਦੂਜੇ ਪਾਸੇ, ਸੋਮਵਾਰ ਦੇਰ ਰਾਤ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ  ਇਜ਼ਰਾਈਲ 7 ਅਕਤੂਬਰ ਤੋਂ ਯੁੱਧ ਵਿਚ ਹੈ। ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਸੀ। ਇਜ਼ਰਾਈਲ ਇਹ ਜੰਗ ਨਹੀਂ ਚਾਹੁੰਦਾ ਸੀ।

ਅਸੀਂ ਜੰਗਬੰਦੀ ਦਾ ਐਲਾਨ ਨਹੀਂ ਕਰਾਂਗੇ, ਇਹ ਹਮਾਸ ਦੇ ਸਾਹਮਣੇ ਸਰੈਂਡਰ ਕਰਨ ਵਰਗਾ ਹੋਵੇਗਾ। ਨੇਤਨਯਾਹੂ ਨੇ ਅੱਗੇ ਕਿਹਾ – ਅਸੀਂ ਬਿਹਤਰ ਭਵਿੱਖ ਦੇ ਵਾਅਦੇ ਨੂੰ ਉਦੋਂ ਤੱਕ ਸਾਕਾਰ ਨਹੀਂ ਕਰ ਸਕਾਂਗੇ ਜਦੋਂ ਤੱਕ ਅਸੀਂ ਹਮਾਸ ਵਰਗੇ ਵਹਿਸ਼ੀ ਲੋਕਾਂ ਨਾਲ ਲੜਨ ਲਈ ਤਿਆਰ ਨਹੀਂ ਹੁੰਦੇ। ਇਸ ਦੌਰਾਨ ਹਮਾਸ ਨੇ ਬੰਧਕਾਂ ਦਾ ਵੀਡੀਓ ਜਾਰੀ ਕੀਤਾ ਹੈ। 76 ਸੈਕਿੰਡ ਦੀ ਵੀਡੀਓ ਵਿਚ ਤਿੰਨ ਇਜ਼ਰਾਈਲੀ ਔਰਤਾਂ ਦਿਖਾਈ ਦੇ ਰਹੀਆਂ ਹਨ। ਇਸ ਵਿਚ ਇੱਕ ਔਰਤ ਕਹਿ ਰਹੀ ਹੈ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਲੋਕਾਂ ਦੀ ਸੁਰੱਖਿਆ ਕਰਨ ਵਿਚ ਅਸਫ਼ਲ ਰਹੇ ਹਨ। ਉਹਨਾਂ ਨੇ ਰਿਹਾਈ ਲਈ ਕੈਦੀ ਅਦਲਾ-ਬਦਲੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ।

About The Author