ਇੱਕ ਸਾਲ ਤੱਕ ਬੇਰਹਿਮੀ ਦਾ ਸ਼ਿਕਾਰ ਬਣੀ ਮਾਸੂਮ ਬੱਚੀ, ਮਾਂ ਦੇ ਪ੍ਰੇਮੀ ਨੇ ਕੀਤਾ ਜਬਰ-ਜਨਾਹ; ਔਰਤ ਨੂੰ 40 ਸਾਲ ਦੀ ਕੈਦ

ਤਿਰੂਵਨੰਤਪੁਰਮ , 28 ਨਵੰਬਰ । ਕੇਰਲ ਦੀ ਇਕ ਵਿਸ਼ੇਸ਼ ਫਾਸਟ ਟਰੈਕ ਅਦਾਲਤ ਨੇ 7 ਸਾਲਾ ਧੀ ਨਾਲ ਜਬਰ-ਜਨਾਹ ਕਰਵਾਉਣ ਵਾਲੀ ਮਾਂ ਨੂੰ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਮਾਂ ‘ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਇੱਕ ਸਾਲ ਤੱਕ ਮਾਸੂਮ ਬੱਚੀ ਨਾਲ ਜਬਰ-ਜਨਾਹ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਹ ਘਟਨਾ ਮਾਰਚ 2018 ਤੋਂ ਸਤੰਬਰ 2019 ਦਰਮਿਆਨ ਵਾਪਰੀ। ਔਰਤ ਆਪਣੇ ਮਾਨਸਿਕ ਰੋਗੀ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ। ਦੋਸ਼ ਹੈ ਕਿ ਮਹਿਲਾ ਦੇ ਪ੍ਰੇਮੀ ਨੇ ਲੜਕੀ ਨਾਲ ਕਈ ਵਾਰ ਜਬਰ-ਜਨਾਹ ਕੀਤਾ ਪਰ ਔਰਤ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ।
ਬੱਚੀ ਦੀ ਮਾਂ ਨੇ ਘਟਨਾ ਦਾ ਕੋਈ ਵਿਰੋਧ ਨਹੀਂ ਕੀਤਾ
ਲੜਕੀ ਦੀ ਮਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਸੀ। ਲੜਕੀ ਦੀ ਕੁੱਟਮਾਰ ਵੀ ਕੀਤੀ ਗਈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਆਪਣੀ ਵੱਡੀ ਭੈਣ ਨਾਲ ਭੱਜ ਕੇ ਆਪਣੀ ਦਾਦੀ ਕੋਲ ਪਹੁੰਚੀ। ਇਸ ਤੋਂ ਬਾਅਦ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੀ ਦਾਦੀ ਨੂੰ ਦੱਸਿਆ।
ਅਦਾਲਤ ਨੇ 40 ਸਾਲ ਦੀ ਸਜ਼ਾ ਸੁਣਾਈ
ਇਸ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਆਰਐਸ ਵਿਜੇ ਮੋਹਨ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਇਸ ਘਿਨਾਉਣੇ ਅਪਰਾਧ ਲਈ ਮਾਂ ਨੂੰ 40 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੂੰ ਇਸ ਘਟਨਾ ਬਾਰੇ ਸਭ ਕੁਝ ਪਤਾ ਸੀ ਪਰ ਉਸ ਨੇ ਆਪਣੀ ਧੀ ਨਾਲ ਕੀਤੇ ਇਸ ਜ਼ੁਲਮ ਦਾ ਵਿਰੋਧ ਨਹੀਂ ਕੀਤਾ।
ਦੋ ਪ੍ਰੇਮੀਆਂ ਨਾਲ ਰਹਿ ਰਹੀ ਸੀ ਔਰਤ
ਵਿਸ਼ੇਸ਼ ਸਰਕਾਰੀ ਵਕੀਲ ਨੇ ਦੱਸਿਆ ਕਿ ਔਰਤ ਆਪਣੇ ਬਿਮਾਰ ਪਤੀ ਨੂੰ ਛੱਡ ਕੇ ਦੋ ਪ੍ਰੇਮੀਆਂ ਨਾਲ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਔਰਤ ਦੇ ਪਹਿਲੇ ਪ੍ਰੇਮੀ ਨੇ ਮਾਸੂਮ ਲੜਕੀ ਨਾਲ ਜਬਰ-ਜਨਾਹ ਕੀਤਾ। ਜਦਕਿ ਦੂਜੇ ਪ੍ਰੇਮੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਮਦਦ ਕੀਤੀ।
ਦੋਸ਼ੀ ਨੇ ਕਰ ਲਈ ਸੀ ਖ਼ੁਦਕੁਸ਼ੀ
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਰੇਖਾ ਨੇ ਕਿਹਾ ਕਿ ਇਹ ਘਟਨਾ ਸ਼ਰਮਨਾਕ ਹੈ ਅਤੇ ਦੋਸ਼ੀ ਔਰਤ ਮਾਫ਼ੀ ਦੀ ਹੱਕਦਾਰ ਨਹੀਂ ਹੈ। ਇਸ ਲਈ ਉਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸੁਣਵਾਈ ਤੋਂ ਪਹਿਲਾਂ ਦੋਸ਼ੀ ਸ਼ਿਸ਼ੂਪਾਲਨ ਨੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਕਾਰਨ ਮਾਂ ਦੇ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਮੇਂ ਬੱਚੀ ਬਾਲ ਘਰ ਵਿੱਚ ਰਹਿ ਰਹੇ ਹਨ।