ਬਰਤਾਨੀਆ ’ਚ ਭਾਰਤੀ ਡਾਕਟਰ ’ਤੇ ਲੱਗਾ 1.41 ਕਰੋੜ ਦਾ ਜੁਰਮਾਨਾ, ਸਕੂਲ ਦੀ ਵਿਦਿਆਰਥਣ ਨੂੰ ਟੱਕਰ ਮਾਰਨ ਦਾ ਹੈ ਦੋਸ਼
ਲੰਡਨ , 17 ਜਨਵਰੀ । ਬਰਤਾਨੀਆ ਦੀ ਅਦਾਲਤ ਨੇ ਭਾਰਤੀ ਡਾਕਟਰ ਨੂੰ ਸਕੂਲ ਦੀ ਵਿਦਿਆਰਥਣ ਨੂੰ ਹਰਜਾਨੇ ਵਜੋਂ ਕਰੀਬ 1.41 ਕਰੋੜ ਰੁਪਏ ਦੇਣ ਦਾ ਆਦੇਸ਼ ਦਿੱਤਾ ਹੈ। ਭਾਰਤੀ ਡਾਕਟਰ ’ਤੇ ਸਾਲ 2018 ’ਚ ਸਕੂਲ ਦੀ ਵਿਦਿਆਰਥਣ ਨੂੰ ਟੱਕਰ ਮਾਰਨ ਦਾ ਦੋਸ਼ ਹੈ। ਹਾਦਸੇ ’ਚ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਜਨਵਰੀ, 2018 ’ਚ ਡਾ. ਸ਼ਾਂਤੀ ਚੰਦਰਨ ਆਕਸਫੋਰਡਸ਼ਾਇਰ ਦੇ ਬਿਸੈਸਟਰ ’ਚ ਬਕਿੰਘਮ ਰੋਡ ’ਤੇ ਆਪਣੀ ਕਾਰ ’ਚ ਬਕਿੰਘਮਸ਼ਾਇਰ ਜਾ ਰਹੀ ਸੀ। ਉਦੋਂ ਉਨ੍ਹਾਂ ਦੀ ਕਾਰ 12 ਸਾਲਾ ਸਕੂਲੀ ਵਿਦਿਆਰਥਣ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਵਿਦਿਆਰਥਣ ਕਰੀਬ 11 ਮੀਟਰ ਦੂਰ ਜਾ ਕੇ ਡਿੱਗੀ ਤੇ ਉਸ ਦੇ ਸਿਰ ’ਚ ਗੰਭੀਰ ਸੱਟਾਂ ਵੱਜੀਆਂ। ਹਾਦਸੇ ਦੇ ਇਕ ਸਾਲ ਬਾਅਦ ਤੱਕ ਉਹ ਮਾਨਸਿਕ ਤਣਾਅ ’ਚੋਂ ਲੰਘੀ ਤੇ ਉਸ ਨੂੰ ਕਈ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੀਤੇ ਹਫ਼ਤੇ ਉਪ ਉੱਚ ਅਦਾਲਤ ਦੇ ਜਸਟਿਸ ਡੈਕਸਟਰ ਡਿਆਸ ਕੇਸੀ ਨੇ ਆਦੇਸ਼ ਦਿੱਤਾ ਕਿ ਡਾ. ਚੰਦਰਨ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ। ਉਹ ਮੌਜੂਦਾ ਹਾਲਾਤ ’ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ। ਅਦਾਲਤ ਨੇ ਹਾਦਸੇ ਲਈ ਡਾ. ਚੰਦਰਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਮੰਨਿਆ।