ਦੇਸ਼ ਦੇ ਇਸ ਸੂਬੇ ’ਚ ਜਾਦੂ-ਟੂਣੇ ਨਾਲ ਇਲਾਜ ’ਤੇ ਪਾਬੰਦੀ, ਸਬੰਧੰਤ ਬਿੱਲ ਨੂੰ ਮਨਜ਼ੂਰੀ, ਮੁਲਜ਼ਮਾਂ ਨੂੰ ਦਿੱਤੀ ਜਾਵੇਗੀ ਸਖ਼ਤ ਸਜ਼ਾ
ਗੁਹਾਟੀ , 12 ਫਰਵਰੀ । ਅਸਾਮ ਮੰਤਰੀ ਮੰਡਲ ਨੇ ਜਾਦੂ-ਟੋਨੇ ਨਾਲ ਇਲਾਜ ਦੀਆਂ ਰਵਾਇਤਾਂ ਦੇ ਖ਼ਾਤਮੇ ਲਈ ਇਸ ’ਤੇ ਪਾਬੰਦੀ ਲਗਾਉਣ ਸਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿੱਲ ’ਚ ਇਸ ਤਰੀਕੇ ਨਾਲ ਇਲਾਜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਸਜ਼ਾ ਦੀ ਕਾਰਵਾਈ ਦੀ ਮੁੱਖ ਰੱਖੀ ਗਈ ਹੈ। ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੀ ਦੀ ਪ੍ਰਧਾਨਗੀ ’ਚ ਸ਼ਨਿਚਰਵਾਰ ਨੂੰ ਮੰਤਰੀ ਮੰਡਲ ਦੀ ਬੈਠਕ ’ਚ ਇਸ ਸਬੰਧੀ ਫ਼ੈਸਲਾ ਲਿਆ ਗਿਆ ਹੈ। ਬੈਠਕ ’ਚ ਲਏ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਨੇ ਅਸਾਮ ਇਲਾਜ (ਬੁਰਾਈਆਂ ਦੀ ਰੋਕਥਾਮ) ਪ੍ਰਥਾ ਬਿੱਲ, 2024 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦਾ ਉਦੇਸ਼ ਬੋਲ਼ਾਪਣ, ਗੂੰਗਾਪਣ, ਦ੍ਰਿਸ਼ਟੀਹੀਣਤਾ, ਸਰੀਰਕ ਅਪਾਹਜਤਾ ਤੇ ਆਪਣੇ ਆਪ ’ਚ ਗੁਆਚੇ ਰਹਿਣ ਵਰਗੀਆਂ ਜਨਮ-ਜਾਤ ਬਿਮਾਰੀਆਂ ਦੇ ਇਲਾਜ ਦੇ ਨਾਂ ’ਤੇ ਜਾਦੂ-ਟੋਨੇ ਦੀਆਂ ਰਵਾਇਤਾਂ ’ਤੇ ਪਾਬੰਦੀ ਲਗਾ ਕੇ ਉਸ ਨੂੰ ਖ਼ਤਮ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਲਾਜ ਦੇ ਨਾਂ ’ਤੇ ਗ਼ਰੀਬਾਂ ਤੇ ਮਾਸੂਮਾਂ ਤੋਂ ਜ਼ਬਰੀ ਵਸੂਲੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।