ਫਾਜ਼ਿਲਕਾ ਜ਼ਿਲ੍ਹੇ ਵਿਚ ਸਵਾ ਲੱਖ ਏਕੜ ਰਕਬੇ ਵਿਚ ਹੋਈ ਨਰਮੇ ਦੀ ਬਿਜਾਈ -ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਕਿ ਨਰਮੇ ਸਬੰਧੀ ਜਿਆਦਾ ਤੋਂ ਜਿਆਦਾ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾਵੇ -ਕਿਸਾਨ ਸਿਖਲਾਈ ਕੈਂਪ 7 ਨੂੰ

ਫਾਜ਼ਿਲਕਾ , 6 ਜੂਨ | ਫਾਜ਼ਿਲਕਾ ਜ਼ਿਲ੍ਹੇ ਵਿਚ ਨਰਮੇ ਦੀ ਬਿਜਾਈ ਮੁਕੰਮਲ ਹੋ ਗਈ ਹੈ ਅਤੇ ਇਸ ਵਾਰ ਜ਼ਿਲ੍ਹੇ ਵਿਚ ਸਵਾ ਲੱਖ ਏਕੜ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਪਿੰਡ ਪਿੰਡ ਜਾ ਕੇ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਨਰਮੇ ਦੀ ਕਾਸਤ ਸਬੰਧੀ ਸਾਰੀ ਤਕਨੀਕੀ ਜਾਣਕਾਰੀ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਨਰਮੇ ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਕਿਸੇ ਵੀ ਸੰਭਾਵੀ ਹਮਲੇ ਦਾ ਪਤਾ ਲਗਾਉਣ ਲਈ ਅਗੇਤੇ ਪੱਧਰ ਤੇ ਸਰਵੇਖਣ ਕੀਤੇ ਜਾਣ ਅਤੇ ਜਰੂਰਤ ਅਨੁਸਾਰ ਕਿਸਾਨਾਂ ਦਾ ਮਾਰਗਦਰਸ਼ਨ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਸਮੇਤ ਸਾਊਣੀ ਦੀਆਂ ਹੋਰ ਫਸਲਾਂ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਣਕਾਰੀ ਦੇਣ ਲਈ ਜ਼ਿਲ੍ਹਾਂ ਪੱਧਰੀ ਕਿਸਾਨ ਸਿਖਲਾਈ ਕੈਂਪ 7 ਜੂਨ 2024 ਨੂੰ ਫਾਜ਼ਿਲਕਾ ਦੇ ਸ਼ਾਹ ਪੈਲੇਸ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਵੱਡੀ ਗਿਣਤੀ ਵਿਚ ਪਹੁੰਚ ਕੇ ਖੇਤੀ ਮਾਹਿਰਾਂ ਤੋਂ ਨਵੀਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਕਿਹਾ ਕਿ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪਾਣੀ ਦੀ ਕਿਸੇ ਘਾਟ ਦਾ ਸਾਹਮਣਾਂ ਨਾ ਕਰਨਾ ਪਵੇ ਇਸ ਲਈ ਜਲ ਸ਼੍ਰੋਤ ਵਿਭਾਗ ਨੂੰ ਵੀ ਪਾਬੰਦ ਕੀਤਾ ਗਿਆ ਹੈ ਕਿ ਨਹਿਰਾਂ ਵਿਚ ਪੂਰਾ ਪਾਣੀ ਚਲਾਇਆ ਜਾਵੇ।
ਉਨ੍ਹਾ ਨੇ ਕਿਹਾ ਕਿ ਨਰਮੇ ਦੀ ਫਸਲ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।

About The Author

You may have missed