ਹੁਸ਼ਿਆਰਪੁਰ ਨੇਚਰ ਫੈਸਟ-2024 -ਲੋਕ ਨਾਚਾਂ ਨੇ ਦਰਸ਼ਕ ਕੀਲੇ -ਨਾਈਟ ਕੈਂਪਿੰਗ, ਲਾਈਵ ਬੈਂਡ, ਹਾਈ ਸਪੀਡ ਬੋਟਿੰਗ ਤੇ ਜੰਗਲ ਸਫਾਰੀ ਦਾ ਲੋਕਾਂ ਨੇ ਮਾਣਿਆ ਆਨੰਦ

ਹੁਸ਼ਿਆਰਪੁਰ, 5 ਮਾਰਚ:
ਹੁਸ਼ਿਆਰਪੁਰ ਨੇਚਰ ਫੈਸਟ-2024 ਦੇ ਪੰਜਵੇਂ ਦਿਨ ਲੋਕਾਂ ਨੇ ਚੌਹਾਲ ਡੈਮ ’ਤੇ ਹਾਈ ਸਪੀਡ ਬੋਟਿੰਗ ਤੋਂ ਇਲਾਵਾ ਜੰਗਲ ਸਫਾਰੀ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਚੌਥੇ ਦਿਨ ਸੈਲਾਨੀਆਂ ਨੇ ਨਾਰਾ ਰੈਸਟ ਹਾਊਸ ਵਿਚ ਕੈਂਪਿੰਗ ਅਤੇ ਨਾਈਟ ਲਾਈਵ ਬੈਂਡ ਦਾ ਵੀ ਆਨੰਦ ਮਾਣਿਆ ਅਤੇ ਪਿੰਡ ਬੱਸੀ ਪੁਰਾਣੀ ਤੋਂ ਸਾਲਿਸ ਪਿੰਡ ਨਾਰਾ ਵਿਚ ਜੰਗਲ ਸਫਾਰੀ ਵੀ ਕੀਤੀ। ਦੂਜੇ ਪਾਸੇ ਦੁਸਹਿਰਾ ਗਰਾਊਂਡ ਵਿਚ ਲੋਕ ਨਾਚਾਂ ਦੀਆਂ ਧਮਾਲਾਂ ਪਈਆਂ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਨੇਚਰ ਫੈਸਟ ਦੇ ਪੰਜਵੇਂ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਉਨ੍ਹਾਂ ਮੇਲੇ ਦਾ ਭਰਪੂਰ ਆਨੰਦ ਲਿਆ। ਸੱਭਿਆਚਾਰਕ ਰੰਗ ਬਿਖੇਰਦੇ ਹੋਏ ਇਸ ਮੇਲੇ ਵਿਚ 100 ਤੋਂ ਵੱਧ ਸਟਾਲਾਂ ਵਿਚ ਵੱਖ-ਵੱਖ ਵਸਤਾਂ ਖਰੀਦਣ ਲਈ ਲੋਕਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਫੂਡ ਕੋਰਟ ਵਿਚ ਬਣੇ ਵੱਖ-ਵੱਖ ਫੂਡ ਸਟਾਲਾਂ ’ਤੇ ਲੋਕਾਂ ਨੇ ਸਵਾਦੀ ਪਕਵਾਨਾਂ ਦਾ ਸਵਾਦ ਵੀ ਚੱਖਿਆ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕਾਂ ਦੇ ਇਕੱਠ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਹ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਨੇੜਿਓਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਪਰਿਵਾਰਾਂ ਸਮੇਤ ਮੇਲੇ ਵਿਚ ਆ ਕੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਚਰ ਫੈਸਟ ਪ੍ਰਤੀ ਲੋਕਾਂ ਦਾ ਉਤਸ਼ਾਹ ਨੂੰ ਦੇਖਦਿਆਂ ਦੁਸਹਿਰਾ ਗਰਾਊਂਡ ਵਿਚ ਕਰਾਫਟ ਬਾਜ਼ਾਰ ਅਤੇ ਫੂਡ ਸਟਾਲ 7 ਮਾਰਚ ਤੱਕ ਲੱਗੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਥੇ ਲੱਗੇ ਕਰਾਫਟ ਬਾਜ਼ਾਰ ਵਿਚ ਲੋਕ ਦੂਰੋਂ-ਦੂਰੋਂ ਕਲਾਕਾਰ ਅਤੇ ਕਾਰੀਗਰ ਪਹੁੰਚੇ ਹਨ।  ਉਨ੍ਹਾਂ ਕਿਹਾ ਕਿ ਜਿਥੇ ਕਾਰੀਗਰਾਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਵਸਤਾਂ ਦੀ ਵਿਕਰੀ ਕੀਤੀ ਜਾ ਰਹੀ ਹੈ, ਉਥੇ ਕਲਾਕਾਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ।

About The Author

You may have missed