ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਰਬਨ ਅਸਟੇਟ ਦੀਆਂ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨਾਲ ਬੈਠਕ ਕਰਦੇ ਹੋਏ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ, ਪੀ.ਡੀ.ਏ. ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ ਵੀ ਨਜ਼ਰ ਆ ਰਹੇ ਹਨ।
ਪਟਿਆਲਾ , 14 ਜੂਨ | ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੀ.ਡੀ.ਏ. ਅਧਿਕਾਰੀਆਂ ਨੂੰ ਅਰਬਨ ਅਸਟੇਟ ਦੀਆਂ ਕਲੋਨੀਆਂ ਤੇ ਓਮੈਕਸ ਸਿਟੀ ਵਿਖੇ ਸਾਰੇ ਵਿਕਾਸ ਕਾਰਜ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਸਮਾਂਬੱਧ ਢੰਗ ਨਾਲ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਜਾਬਤੇ ਕਰਕੇ ਰੁਕੇ ਸਾਰੇ ਕੰਮ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਹੁਣ ਤੇਜੀ ਨਾਲ ਨਿਪਟਾਏ ਜਾਣੇ ਯਕੀਨੀ ਬਣਾਏ ਜਾਣ।
ਸਿਹਤ ਮੰਤਰੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ ਅਧੀਨ ਆਉਂਦੀਆਂ ਪਟਿਆਲਾ ਦੇ ਅਰਬਨ ਅਸਟੇਟ ਦੇ ਸਾਰੇ ਫ਼ੇਜਾਂ ਤੇ ਓਮੈਕਸ ਦੀਆਂ 22 ਦੇ ਕਰੀਬ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਨਾਲ ਇੱਕ ਅਹਿਮ ਬੈਠਕ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ, ਪੀ.ਡੀ.ਏ. ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪੀ.ਡੀ.ਏ. ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਲੰਘੇ ਵਰ੍ਹੇ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਅਰਬਨ ਅਸਟੇਟ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਲਈ ਇਸ ਵਾਰ ਕੋਈ ਢਿਲਮੱਠ ਨਾ ਵਰਤੀ ਜਾਵੇ। ਉਨ੍ਹਾਂ ਨੇ ਸਾਰੀਆਂ ਹੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਠਰ੍ਹੰਮੇ ਨਾਲ ਸੁਣਦਿਆਂ ਇਕੱਲੀ-ਇਕੱਲੀ ਗੱਲ ਦਾ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਤੁਰੰਤ ਹੱਲ ਲਈ ਯੋਗ ਆਦੇਸ਼ ਦਿੱਤੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਪਣੇ ਨਾਗਰਿਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੁੱਖ ਮੰਤਰੀ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਵਜ੍ਹਾ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ।
ਇਸ ਬੈਠਕ ਦੌਰਾਨ ਹੜ੍ਹਾਂ ਤੋਂ ਬਚਾਅ ਲਈ ਠੋਸ ਪ੍ਰਬੰਧਾਂ ਤੋਂ ਇਲਾਵਾ ਸੜਕਾਂ, ਫੁਟਪਾਥਾਂ, ਪਾਰਕਾਂ, ਸਟਰੀਟ ਲਾਇਟਾਂ, ਪੀਣ ਵਾਲੇ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ, ਬਿਜਲੀ, ਸਫ਼ਾਈ ਆਦਿ ਸਮੇਤ ਸਥਾਨਕ ਵਸਨੀਕਾਂ ਨੂੰ ਦਰਪੇਸ਼ ਹੋਰ ਮੁਸ਼ਕਿਲਾਂ ਉਪਰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਸਾਰੇ ਕੰਮ ਸਮਾਂਬੱਧ ਢੰਗ ਨਾਲ ਨਿਪਟਾਉਣ ਲਈ ਹਦਾਇਤ ਕੀਤੀ।
ਬੈਠਕ ਦੌਰਾਨ ਕਰਨਲ ਜੇ.ਵੀ ਸਿੰਘ, ਪੀ.ਡੀ.ਏ. ਦੇ ਕਾਰਜਕਾਰੀ ਇੰਜੀਨੀਅਰ ਹਿਮਾਂਸ਼ੂ ਸੰਧੂ, ਪਰਮਿੰਦਰ ਸਿੰਘ ਔਲਖ, ਡਰੇਨੇਜ ਦੇ ਐਕਸੀਐਨ ਰਾਜਿੰਦਰ ਘਈ, ਨਗਰ ਨਿਗਮ ਦੇ ਸਕੱਤਰ ਸੁਨੀਲ ਮਹਿਤਾ, ਪੀ.ਡੀ.ਏ. ਦੇ ਐਸ.ਡੀ.ਓਜ ਗੁਣਪ੍ਰੀਤ ਬਿੰਦਰਾ, ਮੁਨੀਸ਼ ਮਹਿਤਾ, ਰਾਜੀਵ ਕੁਮਾਰ, ਗੁਰਪ੍ਰੀਤ ਸਿੰਘ ਤੇ ਪ੍ਰਿਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਡਾ. ਭੀਮਇੰਦਰ ਸਿੰਘ, ਉਜਾਗਰ ਸਿੰਘ, ਅਮਰਜੀਤ ਸਿੰਘ ਵੜੈਚ, ਰਜਿੰਦਰ ਸਿੰਘ ਥਿੰਦ ਤੇ ਹੋਰ ਮੈਂਬਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।