ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਵਿਸ਼ਵ ਓਰਲ ਦਿਵਸ ਦੇ ਸਬੰਧ ਵਿੱਚ ਜਯੋਤੀ ਬੀ ਐਡ ਕਾਲਜ ਵਿਖੇ ਕੀਤਾ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ
ਫਾਜਿਲਕਾ , 20 ਮਾਰਚ | ਜਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਡਾ ਚੰਦਰ ਸ਼ੇਖਰ ਸਿਵਲ ਸਰਜਨ ਫ਼ਾਜ਼ਿਲਕਾ ਦੇ ਹੁਕਮਾਂ ਅਨੁਸਾਰ ਜਯੋਤੀ ਬੀ ਐਡ ਕਾਲਜ ਫ਼ਾਜ਼ਿਲਕਾ ਵਿਖੇ ਵਿਸ਼ਵ ਓਰਲ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਕੀਤਾ ਗਿਆ।ਇਸ ਮੌਕੇ ਡਾ ਪੰਕਜ ਜ਼ਿਲ੍ਹਾ ਡੇਂਟਲ ਸਿਹਤ ਅਫ਼ਸਰ ਨੇ ਦੱਸਿਆ ਕਿ ਹਰ ਸਾਲ 20 ਮਾਰਚ ਨੂੰ ਵਿਸ਼ਵ ਓਰਲ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਆਪਣੇ ਦੰਦਾਂ ਅਤੇ ਮੰਹ ਦੀ ਸਫਾਈ ਅਤੇ ਦੇਖਭਾਲ ਕਰਨ ਲਈ ਜਾਗਰੁਕ ਕਰਨਾ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੂੰਹ ਅਤੇ ਦੰਦਾਂ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਦੰਦਾਂ ਅਤੇ ਮੂੰਹ ਦੀ ਸਫ਼ਾਈ ਸਬੰਧੀ ਚੈਕਅੱਪ ਕੈਂਪ ਲਗਾ ਕੇ ਇਲਾਜ ਕੀਤਾ ਜਾ ਰਿਹਾ ਹੈ।
ਉੋਹਨਾਂ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਮੂੰਹ ਅਤੇ ਦੰਦਾਂ ਦੀ ਸੰਭਾਲ ਅਤੇ ਸਫ਼ਾਈ ਬਹੁਤ ਜਰੂਰੀ ਹੈ। ਮੂੰਹ ਅਤੇ ਦੰਦਾਂ ਦੀ ਸਫਾਈ ਨਾ ਕਰਨ ਕਾਰਣ ਦੰਦਾਂ ਅਤੇ ਪੇਟ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਜਿਸ ਕਾਰਨ ਆਮ ਜੀਵਨ ਵਿੱਚ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਨੂੰ ਇੱਕ ਦਿਨ ਵਿੱਚ ਦੋ ਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰੇ ਨਾਸ਼ਤੇ ਤੋਂ ਬਾਅਦ ਬਰੁਸ਼ ਜਰੂਰ ਕਰਨਾ ਚਾਹੀਦਾ ਹੈ ।ਉਨ੍ਹਾ ਸਹੀ ਬਰੁਸ਼ ਕਰਨ ਦੇ ਤਰੀਕੇ ਦਸਦੇ ਹੋਏ ਕਿਹਾ ਕਿ ਟੂਥ ਬਰੁੱਸ਼ ਨੂੰ ਦੰਦਾ ਦੀ ਜੜ੍ਹ ਦੇ ਬਰਾਬਰ 45 ਡਿਗਰੀ ਤੇ ਰੱਖ ਕੇ ਉਪਰਲੇ ਦੰਦਾਂ ਲਈ ਉਪਰ ਤੋਂ ਹੇਠਾਂ ਵੱਲ ਅਤੇ ਹੇਠਲੇ ਦੰਦਾਂ ਲਈ ਹੇਠਾਂ ਤੋਂ ਉਪਰ ਵੱਲ ਨੂੰ ਸਫਾਈ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੀ ਸਫਾਈ ਅੰਦਰਲੇ ਪਾਸੇ ਤੋਂ ਅਤੇ ਚਬਾਉਣ ਵਾਲੇ ਹਿੱਸੇ ਦੀ ਵੀ ਸਫਾਈ ਕਰਨੀ ਚਾਹੀਦੀ ਹੈ ਉਨ੍ਹਾ ਕਿਹਾ ਕਿ ਹਮੇਸ਼ਾ ਨਰਮ ਬਰੁਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੰਦਾਂ ਦੇ ਨਾਲ ਨਾਲ ਜੀਭ ਦੀ ਸਫਾਈ ਵੀ ਕਰਨੀ ਚਾਹੀਦੀ ਹੈ।
ਇਸ ਮੌਕੇ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਣਾ, ਬਲਾਕ ਐਜੂਕੇਟਰ ਦੀਵੇਸ਼ ਕੁਮਾਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਸਿਹਤਮੰਦ ਭੋਜਨ ਦਾ ਸੇਵਨ ਕਰੋ, ਚਿਪਚਿਪੇ ਅਤੇ ਮਿੱਠਾ ਖਾਣ ਤੋਂ ਪ੍ਰਹੇਜ਼ ਕਰੋ, ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਓ। ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਭਰਪੂਰ ਭੋਜਨ ਦਾ ਸੇਵਨ ਕਰੋ ਅਤੇ ਹਰੇਕ 6 ਮਹੀਨੇ ਬਾਅਦ ਆਪਣੇ ਦੰਦਾਂ ਦੇ ਡਾਕਟਰ ਦੀ ਸਲਾਹ ਲਵੋ। ਇਸ ਸਮੇਂ ਪ੍ਰਿੰਸੀਪਲ ਡਾਕਟਰ ਅਨੀਤਾ ਅਰੋੜਾ ਡਾਟਰੀਬਨ ਕਲੱਬ ਇੰਚਾਰਜ ਮਨਿਸਟਰ ਪੰਕਜ ਕੁਮਾਰ ਗੁਰਸੇਵਕ ਸਿੰਘ ਰਾਜਵਿੰਦਰ ਸਿੰਘ, ਬੀ ਸੀ ਸੀ ਸੁਖਦੇਵ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।
