ਵਿਦੇਸ਼ ਘੁੰਮਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਥਾਈਲੈਂਡ-ਸ਼੍ਰੀਲੰਕਾ ਮਗਰੋਂ ਹੁਣ ਇਸ ਦੇਸ਼ ਨੇ ਭਾਰਤੀਆਂ ਲਈ ਵੀਜ਼ਾ ਐਂਟਰੀ ਕੀਤੀ ਫ੍ਰੀ
ਭਾਰਤ , 27 ਨਵੰਬਰ | ਮਲੇਸ਼ੀਆ ਵਿੱਚ 1 ਦਸੰਬਰ ਤੋਂ ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟਰੀ ਮਿਲੇਗੀ। ਮਲੇਸ਼ੀਆ ਨੇ ਭਾਰਤੀ ਨਾਗਰਿਕਾਂ ਨੂੰ ਇੱਕ ਮਹੀਨਾ ਦੇਸ਼ ਵਿੱਚ ਬਿਨ੍ਹਾਂ ਵੀਜ਼ਾ ਦੇ ਐਂਟਰੀ ਦੀ ਸਹੂਲਤ ਦਿੱਤੀ ਹੈ। ਇਸ ਦਾ ਐਲਾਨ ਐਤਵਾਰ ਨੂੰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਮਲੇਸ਼ੀਆ ਵਿੱਚ 1 ਦਸੰਬਰ ਤੋਂ ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟਰੀ ਮਿਲੇਗੀ।
ਪ੍ਰਧਾਨ ਮੰਤਰੀ ਅਨਵਰ ਨੇ ਐਤਵਾਰ ਨੂੰ ਪੁਤਰਜਯਾ ਵਿੱਚ ਆਪਣੀ ਪੀਪਲਜ਼ ਜਸਟਿਸ ਪਾਰਟੀ ਦੇ ਸਾਲਾਨਾ ਸਮਾਗਮ ਵਿੱਚ ਕਿਹਾ ਕਿ ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ ਵਿੱਚ 30 ਦਿਨਾਂ ਤੱਕ ਬਿਨ੍ਹਾਂ ਵੀਜ਼ਾ ਦੇ ਰਹਿ ਸਕਦੇ ਹਨ। ਮਲੇਸ਼ੀਆ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਜਿਹਾ ਕਰ ਰਿਹਾ ਹੈ । ਦਰਅਸਲ, ਮਲੇਸ਼ੀਆਈ ਸਰਕਾਰ ਦੀ ਯੋਜਨਾ ਹੈ ਕਿ ਵੱਡੀ ਗਿਣਤੀ ਵਿੱਚ ਸੈਲਾਨੀ ਇੱਥੇ ਆਉਣ, ਜਿਸ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੀਲੰਕਾ ਅਤੇ ਥਾਈਲੈਂਡ ਵਰਗੇ ਦੇਸ਼ ਵੀ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕਰ ਚੁੱਕੇ ਹਨ।
ਅਨਵਰ ਨੇ ਪਿਛਲੇ ਮਹੀਨੇ ਭਾਰਤ ਅਤੇ ਚੀਨ ਦੇ ਸੈਲਾਨੀਆਂ ਅਤੇ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਅਗਲੇ ਸਾਲ ਵੀਜ਼ਾ ਸੁਵਿਧਾਵਾਂ ਵਿੱਚ ਸੁਧਾਰ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ । ਇਸ ਦੇ ਨਾਲ ਹੀ ਚੀਨ ਨੇ ਵੀ ਮਲੇਸ਼ੀਆ ਦੇ ਨਾਗਰਿਕਾਂ ਨੂੰ ਵੀ ਸੌਗਾਤ ਦਿੱਤੀ ਹੈ। ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮਲੇਸ਼ੀਆ ਸਣੇ ਛੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨ੍ਹਾਂ ਵੀਜ਼ਾ ਦੇ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ । ਇਹ ਕਦਮ 1 ਦਸੰਬਰ ਤੋਂ ਲਾਗੂ ਹੋਵੇਗਾ ਅਤੇ ਅਗਲੇ ਸਾਲ 30 ਨਵੰਬਰ ਤੱਕ ਚੱਲੇਗਾ। ਸੈਲਾਨੀ ਚੀਨ ਵਿੱਚ 15 ਦਿਨਾਂ ਤੱਕ ਵੀਜ਼ਾ-ਫ੍ਰੀ ਰਹਿ ਸਕਣਗੇ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਵਿੱਚ ਖਬਰ ਆਈ ਸੀ ਕਿ ਵੀਅਤਨਾਮ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਵੀਜ਼ਾ ਫ੍ਰੀ ਐਂਟਰੀ ਸ਼ੁਰੂ ਕਰ ਸਕਦਾ ਹੈ। ਫਿਲਹਾਲ ਵੀਅਤਨਾਮ ਵਿੱਚ ਜਰਮਨੀ, ਫਰਾਂਸ, ਇਟਲੀ, ਸਪੇਨ, ਡੈਨਮਾਰਕ, ਸਵੀਡਨ ਅਤੇ ਫਿਨਲੈਂਡ ਵਰਗੇ ਦੇਸ਼ਾਂ ਦੇ ਨਾਗਰਿਕ ਬਿਨ੍ਹਾਂ ਵੀਜ਼ੇ ਦੇ ਦਾਖਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਥਾਈਲੈਂਡ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਸੀ।