ਜਨਰਲ ਅਬਜ਼ਵਰ ਓਮ ਪ੍ਰਕਾਸ਼ ਬਕੋੜੀਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਉਨ੍ਹਾਂ ਨਾਲ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।
ਪਟਿਆਲਾ, 16 ਮਈ:
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਨਿਯੁਕਤ ਜਨਰਲ ਅਬਜ਼ਰਵਰ ਸੀਨੀਅਰ ਆਈ.ਏ.ਐਸ. ਅਧਿਕਾਰੀ ਓਮ ਪ੍ਰਕਾਸ਼ ਬਕੋੜੀਆ ਨੇ ਅੱਜ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੈ ਦੀ ਮੌਜੂਦਗੀ ਵਿੱਚ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕਰਕੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੀਟਿੰਗ ਮੌਕੇ ਜਨਰਲ ਅਬਜ਼ਰਵਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੀ ਚੋਣ ਪ੍ਰਕ੍ਰਿਆ ਨੂੰ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਅਮਨ ਸ਼ਾਂਤੀ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਦਿਸ਼ਾ ਨਿਰਦੇਸ਼ਾਂ ਨੂੰ ਵਾਰ-ਵਾਰ ਪੜ੍ਹਿਆ ਜਾਵੇ ਤਾਂ ਕਿ ਕੋਈ ਭੁਲੇਖਾ ਨਾ ਰਹੇ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਨੂੰ ਗਰਮੀ ਅਤੇ ਲੂ ਤੋਂ ਬਚਾਉਣ ਲਈ ਛਾਂ ਅਤੇ ਠੰਡੇ ਮਿੱਠੇ ਸ਼ਰਬਤ ਦੀ ਛਬੀਲ ਦੇ ਉਚੇਚੇ ਪ੍ਰਬੰਧ ਵੀ ਯਕੀਨੀ ਬਣਾਉਣ।
ਜਨਰਲ ਆਬਜ਼ਰਵਰ ਨੇ 19 ਅਤੇ 26 ਮਈ ਨੂੰ ਚੋਣ ਅਮਲੇ ਦੀ ਗੰਭੀਰਤਾ ਨਾਲ ਸਿਖਲਾਈ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਮੌਕ ਪੋਲ ਈ.ਵੀ.ਐਮਜ ਨੂੰ ਕਲੀਅਰ ਤੇ ਤੇ ਵੋਟਾਂ ਤੋਂ ਬਾਅਦ ਕਲੋਜ ਬਟਨ ਦਬਾਉਣ ਸਮੇਤ ਚੋਣਾਂ ਵਾਲੇ ਦਿਨ ਪਹਿਲਾ ਇੱਕ ਘੰਟਾ ਅਤੇ ਆਖਰੀ ਘੰਟੇ ਵਿੱਚ ਖਾਸ ਖਿਆਲ ਰੱਖਿਆ ਜਾਵੇ ਅਤੇ ਈ.ਵੀ.ਐਮਜ ਬਾਰੇ ਹਰ ਜਾਣਕਾਰੀ ਉਮੀਦਵਾਰਾਂ ਨਾਲ ਜਰੂਰ ਸਾਂਝੀ ਕੀਤੀ ਜਾਵੇ।
ਉਨ੍ਹਾਂ ਨੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਪੂਰੀ ਮੁਸਤੈਦੀ ਨਾਲ ਮਿਥੇ ਸਮੇਂ ਦੇ ਅੰਦਰ-ਅੰਦਰ ਨਿਪਟਾਰਾ ਕਰਵਾਇਆ ਜਾਵੇ। ਇਸ ਦੇ ਨਾਲ ਹੀ 1 ਜੂਨ ਨੂੰ ਵੋਟਾਂ ਵਾਲੇ ਦਿਨ ਤੋਂ 48 ਘੰਟੇ ਪਹਿਲਾਂ ਲੋਕ ਸਭਾ ਹਲਕੇ ਤੋਂ ਬਾਹਰੀ ਵਿਅਕਤੀਆਂ ਨੂੰ ਹਲਕੇ ਤੋਂ ਬਾਹਰ ਕੀਤਾ ਜਾਵੇ ਅਤੇ ਇਸ ਸਮੇਂ ਦੌਰਾਨ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ‘ਤੇ ਤਿਖੀ ਨਜ਼ਰ ਰੱਖੀ ਜਾਵੇ।
ਅਬਜ਼ਰਵਰ ਓਮ ਪ੍ਰਕਾਸ਼ ਬਕੋੜੀਆ ਨੇ ਇਹ ਵੀ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਮੁਬਾਇਲ ਐਪਸ ਸੀ ਵਿਜਲ, ਕੇਵਾਈਸੀ ਈਸੀਆਈ ਆਦਿ ਸਮੇਤ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਫੈਲਾਉਂਦੇ ਹੋਏ ਆਮ ਲੋਕਾਂ ਨੂੰ ਵੀ.ਵੀ.ਪੈਟ ਤੇ ਈ.ਵੀ.ਐਮਜ ਦੀ ਜਾਣਕਾਰੀ ਦਿੱਤੀ ਜਾਵੇ। ਇਸ ਤੋ ਬਿਨ੍ਹਾਂ ਪੋਲ ਪ੍ਰਤੀਸ਼ਤਤਾ ਵਧਾਉਣ ਲਈ ਜ਼ੋਰ ਦਿੱਤਾ ਜਾਵੇ।
ਅਬਜ਼ਰਵਰ ਨੇ ਕਿਹਾ ਕਿ ਪੂਰੇ ਲੋਕ ਸਭਾ ਹਲਕੇ ‘ਚ ਵੀਡੀਓ ਗ੍ਰਾਫ਼ਰਾਂ ਤੇ ਹੋਰ ਟੀਮਾਂ ਨੂੰ ਪੂਰਾ ਮੁਸਤੈਦ ਰੱਖਿਆ ਜਾਵੇ ਅਤੇ ਚੋਣ ਜਾਬਤੇ ਸਮੇਤ ਪਾਬੰਦੀ ਸਮੇਤ ਧਾਰਾ 144 ਤਹਿਤ ਜਾਰੀ ਹੋਏ ਹੁਕਮਾਂ ਦੀ ਸਖ਼ਤੀ ਨਾਲ ਪਾਲਣਾਂ ਕੀਤੀ ਜਾਵੇ ਅਤੇ ਉਲੰਘਣਾ ਹੋਣ ‘ਤੇ ਐਫ.ਆਈ.ਆਰ ਦਰਜ ਕਰਵਾਈ ਜਾਵੇ। ਉਨ੍ਹਾਂ ਪ੍ਰਾਪਰਟੀ ਡੀਫੇਸਮੈਂਟ ਅਤੇ ਸ਼ਿਕਾਇਤ ਸੈਲ ‘ਚ ਆਈਆਂ ਸ਼ਿਕਾਇਤਾਂ ਬਾਰੇ ਵੀ ਜਾਣਿਆਂ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਛਬੀਲ ਲਈ ਸਾਰਾ ਸਾਮਾਨ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ, ਇਸ ਲਈ ਵਲੰਟੀਅਰਾਂ, ਸਮਾਜ ਸੇਵੀ ਜਥੇਬੰਦੀਆਂ, ਕਲੱਬਾਂ, ਮਗਨਰੇਗਾ ਤੇ ਪੰਚਾਇਤਾਂ ਦੀ ਮਦਦ ਲਈ ਜਾਵੇ। ਉਨ੍ਹਾਂ ਕਿਹਾ ਕਿ ਚੋਣ ਨੂੰ ਪ੍ਰਭਾਵਤ ਕਰਦੇ ਅਹਿਮ ਨੁਕਤਿਆਂ ਨੂੰ ਵਾਰ-ਵਾਰ ਧਿਆਨ ‘ਚ ਰੱਖਿਆ ਜਾਵੇ।
ਇਸ ਮੀਟਿੰਗ ਮੌਕੇ ਏ.ਡੀ.ਸੀ. (ਜ) ਕੰਚਨ, ਏ.ਡੀ.ਸੀ. ਸ਼ਹਿਰੀ ਵਿਕਾਸ-ਕਮ-ਏ.ਆਰ.ਓ. ਪਟਿਆਲਾ ਦਿਹਾਤੀ ਨਵਰੀਤ ਕੌਰ ਸੇਖੋਂ, ਏ.ਆਰ.ਓ. ਪਟਿਆਲਾ ਸ਼ਹਿਰੀ ਅਰਵਿੰਦ ਕੁਮਾਰ, ਏ.ਆਰ.ਓ. ਘਨੌਰ ਕੰਨੂ ਗਰਗ, ਏ.ਆਰ.ਓ. ਸਨੌਰ ਬਬਨਦੀਪ ਸਿੰਘ ਵਾਲੀਆ, ਏ.ਆਰ.ਓ. ਰਾਜਪੁਰਾ ਜਸਲੀਨ ਕੌਰ ਭੁੱਲਰ, ਏ.ਆਰ.ਓ. ਨਾਭਾ ਤਰਸੇਮ ਚੰਦ, ਏ.ਆਰ.ਓ. ਸ਼ੁਤਰਾਣਾ ਰਵਿੰਦਰ ਸਿੰਘ, ਏ.ਆਰ.ਓ. ਡੇਰਾਬਸੀ ਹਿਮਾਸ਼ੂ ਗੁਪਤਾ, ਏ.ਆਰ.ਓ. ਸਮਾਣਾ ਰਿਚਾ ਗੋਇਲ, ਸਿਵਲ ਸਰਜਨ ਡਾ. ਸੰਜੇ ਗੋਇਲ, ਡੀ.ਡੀ.ਪੀ.ਓ. ਅਮਨਦੀਪ ਕੌਰ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਤੇ ਡਾ. ਦਿਵਜੋਤ ਸਿੰਘ, ਡੀ.ਐਮ. ਮਾਰਕਫੈਡ ਤੇ ਜ਼ਿਲ੍ਹਾ ਮੰਡੀ ਅਫ਼ਸਰ ਸਮੇਤ ਬੀਡੀਪੀਓਜ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।