ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ ਥਾਪਰ ਯੂਨੀਵਰਸਿਟੀ ਵਿਖੇ ਚੋਣ ਅਮਲੇ ਦੀ ਰਿਹਰਸਲ ਮੌਕੇ ਸ਼ਿਰਕਤ ਕਰਦੇ ਹੋਏ। ਉਨ੍ਹਾਂ ਦੇ ਨਾਲ ਏ.ਡੀ.ਸੀ. ਨਵਰੀਤ ਕੌਰ ਸੇਖੋਂ ਵੀ ਨਜ਼ਰ ਆ ਰਹੇ ਹਨ। *ਚੋਣ ਅਮਲਾ ਵੋਟਾਂ ਪੁਆਉਣ ਦੀ ਸਿਖਲਾਈ ਹਾਸਲ ਕਰਦਾ ਹੋਇਆ।

ਪਟਿਆਲਾ , 19 ਮਈ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਮੁੱਚੇ ਚੋਣ ਅਮਲੇ ਨੂੰ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਾਂ ਪੁਆਉਣ ਦਾ ਕਾਰਜ ਪੂਰੀ ਜ਼ਿੰਮੇਵਾਰੀ ਅਤੇ ਨਿਰਪੱਖ ਰਹਿ ਕੇ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਚੋਣ ਅਮਲਾ ਆਪਣੀ ਡਿਊਟੀ ਪੂਰੀ ਤਰ੍ਹਾਂ ਤਿਆਰੀ ਕਰਕੇ ਤੇ ਪੂਰਨ ਆਤਮ ਵਿਸ਼ਵਾਸ਼ ਨਾਲ ਕਰੇ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੋਟਾਂ ਪੁਆਉਣ ਮੌਕੇ ਚੋਣ ਜਾਬਤੇ ਦੀ ਵੀ ਸਖ਼ਤੀ ਨਾਲ ਯਕੀਨੀ ਬਣਾਈ ਜਾਵੇ ਅਤੇ ਕਿਸੇ ਕਿਸਮ ਦੀ ਅਣਗਹਿਲੀ, ਅਨੁਸ਼ਾਸਨਹੀਣਤਾ ਤੇ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ, ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਨਾਭਾ, ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ‘ਚ  1742 ਪੋਲਿੰਗ ਬੂਥਾਂ ‘ਤੇ ਵੋਟਾਂ ਪੁਆਉਣ ਲਈ ਤਾਇਨਾਤ ਕੀਤੇ 8468 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਚੋਣ ਅਮਲੇ ਦੀ ਅੱਜ ਦੂਜੀ ਰਿਹਰਸਲ ਦੌਰਾਨ ਚੋਣ ਅਮਲੇ ਨੂੰ ਸਮੁੱਚੀ ਚੋਣ ਪ੍ਰਕ੍ਰਿਆ ਤੋਂ ਬਾਰੀਕੀ ਨਾਲ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ ਨੇ ਥਾਪਰ ਯੂਨੀਵਰਸਿਟੀ ਵਿਖੇ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਚੱਲ ਰਹੀ ਰਿਹਰਸਲ ਦਾ ਜਾਇਜ਼ਾ ਲਿਆ। ਜਨਰਲ ਆਬਜ਼ਰਵਰ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਵਿੱਚ ਇਕ ਮਾਮੂਲੀ ਗ਼ਲਤੀ ਵੀ ਭਾਰੀ ਪੈ ਸਕਦੀ ਹੈ, ਇਸ ਲਈ ਸਮੁੱਚਾ ਚੋਣ ਅਮਲਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਸਿਖਲਾਈ ਲੈ ਲਵੇ ਅਤੇ ਵਾਰ-ਵਾਰ ਇਨ੍ਹਾਂ ਨੂੰ ਪੜ੍ਹ ਲਵੇ ਤਾਂ ਕਿ ਕਿਸੇ ਗ਼ਲਤੀ ਦੀ ਕੋਈ ਗੁੰਜਾਇਸ਼ ਨਾ ਰਹੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਖਰੀ ਰਿਹਰਸਲ 26 ਮਈ ਨੂੰ ਹੋਵੇਗੀ ਅਤੇ ਸਾਰੀਆਂ ਪੋਲਿੰਗ ਪਾਰਟੀਆਂ 31 ਮਈ ਨੂੰ ਨਿਰਧਾਰਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤੀ ਜਾਣਗੀਆਂ ਅਤੇ ਇਸੇ ਦਿਨ ਇਨ੍ਹਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀ ਸਮੁੱਚੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸੁਤੰਤਰ, ਨਿਰਪੱਖ, ਸੁਚਾਰੂ, ਨਿਰਵਿਘਨ ਅਤੇ ਆਜ਼ਾਦਾਨਾ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਚੋਣ ਅਮਲੇ ਨੂੰ ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਇਡਿੰਗ ਅਫ਼ਸਰ ਤੇ ਪੋਲ ਅਫ਼ਸਰ ਵਜੋਂ ਪਾਰਟੀਆਂ ਬਣਾ ਕੇ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਏ.ਡੀ.ਸੀ. (ਜ) ਕੰਚਨ ਅਤੇ ਏ.ਡੀ.ਸੀ. ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਨੇ ਵੱਖ-ਵੱਖ ਥਾਵਾਂ ‘ਤੇ ਚੋਣ ਅਮਲੇ ਦੀ ਚੱਲ ਰਹੀ ਰਿਹਰਸਲ ਦਾ ਜਾਇਜ਼ਾ ਲਿਆ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ।
ਇਸ ਦੌਰਾਨ ਪਟਿਆਲਾ ਸ਼ਹਿਰੀ ਹਲਕੇ ਦੇ ਰਿਟਰਨਿੰਗ ਅਫ਼ਸਰ, ਐਸ.ਡੀ.ਐਮ ਅਰਵਿੰਦ ਕੁਮਾਰ ਨੇ ਸਰਕਾਰੀ ਬਿਕਰਮ ਕਾਲਜ ਵਿਖੇ ਰਿਹਰਸਲ ਕਰਵਾਈ। ਸਨੌਰ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਕਰਵਾਈ ਗਈ। ਘਨੌਰ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਏ.ਆਰ.ਓ. ਤੇ ਏ.ਈ.ਟੀ.ਸੀ. ਕੰਨੂ ਗਰਗ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਵਿਖੇ ਅਤੇ ਰਾਜਪੁਰਾ ਹਲਕੇ ‘ਚ ਏ.ਆਰ.ਓ. ਜਸਲੀਨ ਕੌਰ ਭੁੱਲਰ ਦੀ ਅਗਵਾਈ ਹੇਠ ਪਟੇਲ ਕਾਲਜ ਵਿਖੇ ਜਦੋਂਕਿ ਸ਼ੁਤਰਾਣਾ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਨਿਆਲ ਕਿਰਤੀ ਕਾਲਜ ਵਿਖੇ ਐਸ.ਡੀ.ਐਮ ਰਵਿੰਦਰ ਸਿੰਘ, ਸਮਾਣਾ ਹਲਕੇ ‘ਚ ਐਸ.ਡੀ.ਐਮ. ਰਿਚਾ ਗੋਇਲ ਵੱਲੋਂ ਪਬਲਿਕ ਕਾਲਜ ਵਿਖੇ ਅਤੇ ਨਾਭਾ ਹਲਕੇ ਦੇ ਚੋਣ ਅਮਲੇ ਦੀ ਰਿਹਰਸਲ ਐਸ.ਡੀ.ਐਮ. ਤਰਸੇਮ ਚੰਦ ਦੀ ਅਗਵਾਈ ਹੇਠ, ਰਿਪੁਦਮਨ ਕਾਲਜ ਵਿਖੇ ਅਗਵਾਈ ਹੇਠ ਸੰਪੰਨ ਹੋਈ।
ਇਸ ਰਿਹਰਸਲ ਦੌਰਾਨ ਚੋਣ ਅਮਲੇ ‘ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵਿਸਥਾਰ ‘ਚ ਜਾਣੂ ਕਰਵਾਉਣ ਸਮੇਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਵੀਵੀਪੈਟ ਦੀ ਪੂਰਨ ਸਿਖਲਾਈ, ਮਤਦਾਨ ਲਈ ਜਰੂਰੀ ਹਦਾਇਤਾਂ, ਵੋਟਾਂ ਲਈ ਜਰੂਰੀ ਸਮਾਨ ਸਮੇਤ ਪ੍ਰੀਜਾਈਡਿੰਗ ਅਧਿਕਾਰੀ, ਸਹਾਇਕ ਪ੍ਰੀਜਾਈਡਿੰਗ ਅਧਿਕਾਰੀ, ਪੋਲਿੰਗ ਅਧਿਕਾਰੀ ਦੀਆਂ ਜਿੰਮੇਵਾਰੀਆਂ, ਪ੍ਰੀਜਾਈਡਿੰਗ ਅਫ਼ਸਰ ਦੀ ਡਾਇਰੀ, 17-ਏ, 17-ਬੀ ਤੇ 17-ਸੀ ਫਾਰਮ, ਸੀਲਾਂ, ਟੈਗ, ਪੋਲਿੰਗ ਏਜੰਟਾਂ ਦੇ ਦਸਤਖ਼ਤ ਤੇ ਹੋਰ ਦਸਤਾਵੇਜਾਂ ਸਬੰਧੀ ਮੁਕੰਮਲ ਜਾਣਕਾਰੀ ਅਤੇ ਸਿਖਲਾਈ ਪ੍ਰਦਾਨ ਕੀਤੀ ਗਈ।
ਇਸ ਮੌਕੇ ਪ੍ਰੀਜਾਈਡਿੰਗ ਅਧਿਕਾਰੀਆਂ ਨੂੰ ਵੋਟਾਂ ਵਾਲੇ ਦਿਨ ਹਰ ਦੋ-ਦੋ ਘੰਟੇ ਬਾਅਦ ਰਿਪੋਰਟ ਦੇਣ ਸਮੇਤ ਸੈਕਟਰ ਅਫ਼ਸਰਾਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਤੋਂ ਜਾਣੂ ਕਰਵਾਇਆ ਗਿਆ। ਰਿਹਰਸਲ ਦੌਰਾਨ ਸੁਪਰਵਾਈਜ, ਮਾਸਟਰ ਟ੍ਰੇਨਰ ਸਮੇਤ ਵੱਡੀ ਗਿਣਤੀ ਚੋਣ ਅਮਲਾ ਮੌਜੂਦ ਰਿਹਾ।

About The Author

You may have missed