ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਨੋਡਲ ਅਫਸਰਾਂ ਨਾਲ ਬੈਠਕ ਸਾਰੀਆਂ ਚੋਣ ਤਿਆਰੀਆਂ ਤੇਜ਼ੀ ਨਾਲ ਕਰਨ ਦੇ ਹੁਕਮ
ਫਾਜ਼ਿਲਕਾ , 27 ਮਾਰਚ | ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਾਇਨਾਤ ਕੀਤੇ ਵੱਖ ਵੱਖ ਨੋਡਲ ਅਫਸਰਾਂ ਨਾਲ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਾਰੇ ਨੋਡਲ ਅਫਸਰ ਆਪੋ ਆਪਣੇ ਨਿਰਧਾਰਤ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਨ। ਉਹਨਾਂ ਨੇ ਆਖਿਆ ਕਿ ਚੋਣ ਤਿਆਰੀਆਂ ਵਿੱਚ ਕੋਈ ਵੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 2439 ਹਥਿਆਰ ਜਮਾ ਹੋ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਧਾਰਾ 144 ਤਹਿਤ ਸਾਰੇ ਅਸਲਾ ਧਾਰਕਾਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਤੁਰੰਤ ਆਪਣੇ ਹਥਿਆਰ ਜਮਾਂ ਕਰਵਾਉਣ । ਉਹਨਾਂ ਨੇ ਕਿਹਾ ਕਿ ਜੋ ਲੋਕ ਹਥਿਆਰ ਜਮਾ ਨਹੀਂ ਕਰਵਾਉਗੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ ਦੀ ਦਰ ਨਾਲ ਫਲਾਇੰਗ ਸਕੁਐਡ ਕੰਮ ਕਰ ਰਹੇ ਹਨ । ਇਸ ਤੋਂ ਬਿਨਾਂ ਸੀ ਵਿਜਲ ਐਪ ਰਾਹੀਂ ਲੋਕ ਸ਼ਿਕਾਇਤਾਂ ਭੇਜ ਰਹੇ ਹਨ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ ਸੱਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨਾਂ ਦਾ ਵੱਧ ਤਰੀਕੇ ਨਾਲ ਨਿਪਟਾਰਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਕੋਲ 50 ਹਜਾਰ ਤੋਂ ਵੱਧ ਦੀ ਨਕਦੀ ਪਾਈ ਗਈ ਅਤੇ ਉਸ ਕੋਲ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਨਾ ਹੋਏ ਤਾਂ ਅਜਿਹੀ ਨਗਦੀ ਜਬਤ ਹੋ ਸਕਦੀ ਹੈ। ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ, ਐਸਡੀਐਮ ਫਾਜ਼ਲਕਾ ਵਿਪਨ ਕੁਮਾਰ, ਡੀਆਰਓ ਸੰਦੀਪ ਕੁਮਾਰ, ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ, ਐਮਸੀਸੀ ਦੇ ਨੋਡਲ ਅਫਸਰ ਅਸੋ਼ਕ ਕੁਮਾਰ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜ਼ਰ ਸਨ ।