ਫੁੱਟਬਾਲਰ ਮੈਸੀ ਨੇ ਕੀਤਾ ਕਮਾਲ, ਅਰਲਿੰਗ ਹਾਲੈਂਡ ਨੂੰ ਪਛਾੜ ਕੇ 8ਵੀਂ ਵਾਰ ਜਿੱਤਿਆ ‘Ballon d’Or’ ਐਵਾਰਡ

ਫੁੱਟਬਾਲ , 31 ਅਕਤੂਬਰ| ਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨਲ ਮੈਸੀ ਅੱਠਵੀਂ ਵਾਰ ਬੈਲੋਨ ਡੀ’ਓਰ ਜਿੱਤਣ ‘ਚ ਸਫਲ ਰਹੇ ਹਨ । ਮੈਸੀ ਨੇ ਮੈਨਚੇਸਟਰ ਸਿਟੀ ਦੇ ਸਟ੍ਰਾਈਕਰ ਅਰਲਿੰਗ ਹਾਲੈਂਡ ਨੂੰ ਪਛਾੜ ਕੇ ਇਸ ਐਵਾਰਡ ਨੂੰ ਹਾਸਿਲ ਕੀਤਾ । ਮੈਸੀ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ ਪਿਛਲੇ ਸਾਲ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਮੈਸੀ ਨੂੰ ਇਹ ਐਵਾਰਡ ਇੰਟਰ ਮਿਆਮੀ ਦੇ ਮਾਲਕ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਡੇਵਿਡ ਬੇਕਹਮ ਨੇ ਦਿੱਤਾ ਹੈ । ਲਿਓਨੇਲ ਮੈਸੀ ਇਸ ਤੋਂ ਪਹਿਲਾਂ 2009, 2010, 2011, 2012, 2015, 2019 ਅਤੇ 2021 ਵਿੱਚ ਬੈਲਨ ਡੀ’ਓਰ ਪੁਰਸਕਾਰ ਜਿੱਤ ਚੁੱਕੇ ਹਨ।
ਅਰਜਨਟੀਨਾ ਦੀ ਟੀਮ ਅਤੇ ਐਸਟਨ ਵਿਲਾ ਦੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਨੂੰ ਵਿਸ਼ਵ ਦੇ ਸਰਵੋਤਮ ਗੋਲਕੀਪਰ ਦੀ ਟਰਾਫੀ ਦਿੱਤੀ ਗਈ ਹੈ । ਮਾਰਟੀਨੇਜ਼ ਨੇ ਫਾਈਨਲ ਵਿੱਚ ਫਰਾਂਸ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿੱਚ ਕਿੰਗਸਲੇ ਕੋਮਨ ਤੋਂ ਸਪਾਟ-ਕਿਕ ਬਚਾਉਣ ਤੋਂ ਬਾਅਦ ਕਤਰ ਵਿੱਚ ਗੋਲਡਨ ਗਲਵ ਜਿੱਤਿਆ ਸੀ । ਉਸਨੇ ਐਸਟਨ ਵਿਲਾ ਨੂੰ ਪ੍ਰੀਮੀਅਰ ਲੀਗ ਵਿੱਚ ਸੱਤਵਾਂ ਸਥਾਨ ਪ੍ਰਾਪਤ ਕਰਨ ਅਤੇ ਯੂਰੋਪਾ ਕਾਨਫਰੰਸ ਲੀਗ ਵਿੱਚ ਸਥਾਨ ਪ੍ਰਾਪਤ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ । ਮਾਨਚੈਸਟਰ ਸਿਟੀ ਨੂੰ ਲਗਾਤਾਰ ਦੂਜੇ ਸਾਲ ਪੁਰਸਕਾਰਾਂ ਵਿੱਚ ਸਾਲ ਦਾ ਕਲੱਬ ਚੁਣਿਆ ਗਿਆ । ਮਾਨਚੈਸਟਰ ਦੀ ਟੀਮ ਪਿਛਲੇ ਸੀਜ਼ਨ ਵਿੱਚ ਚੈਂਪੀਅਨਜ਼ ਲੀਗ, ਪ੍ਰੀਮੀਅਰ ਲੀਗ ਅਤੇ ਐਫਏ ਕੱਪ ਦਾ ਟ੍ਰੈਬਲ ਜਿੱਤਣ ਵਾਲੀ ਸਿਰਫ ਦੂਜੀ ਇੰਗਲਿਸ਼ ਟੀਮ ਬਣ ਗਈ ਹੈ।
ਦੱਸ ਦੇਈਏ ਕਿ ਬੈਲਨ ਡੀ’ਓਰ ਫੁੱਟਬਾਲ ਦਾ ਸਭ ਤੋਂ ਵੱਕਾਰੀ ਪੁਰਸਕਾਰ ਹੈ, ਇਹ ਵਿਅਕਤੀਗਤ ਤੌਰ ‘ਤੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਹ ਹਰ ਸਾਲ ਫੁੱਟਬਾਲ ਕਲੱਬ ਅਤੇ ਰਾਸ਼ਟਰੀ ਟੀਮ ਦੇ ਕਿਸੇ ਖਿਡਾਰੀ ਨੂੰ ਉਸ ਦੇ ਸਰਵੋਤਮ ਪ੍ਰਦਰਸ਼ਨ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। ਇਹ ਪਰੰਪਰਾ 1956 ਤੋਂ ਚੱਲੀ ਆ ਰਹੀ ਹੈ । ਪਹਿਲਾਂ ਇਹ ਸਿਰਫ਼ ਪੁਰਸ਼ ਖਿਡਾਰੀਆਂ ਨੂੰ ਦਿੱਤਾ ਜਾਂਦਾ ਸੀ। ਹੁਣ ਇਹ 2018 ਤੋਂ ਮਹਿਲਾ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ।