ਉੱਤਰਕਾਸ਼ੀ ਸੁਰੰਗ ਵਿਚ ਡਰਿਲਿੰਗ ਪੂਰੀ; ਆਖਰੀ ਪੜਾਅ ’ਤੇ ਬਚਾਅ ਕਾਰਜ! 17 ਦਿਨ ਮਗਰੋਂ ਬਾਹਰ ਆਉਣਗੇ 41 ਮਜ਼ਦੂਰ

ਭਾਰਤ , 28 ਨਵੰਬਰ | ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ‘ਚ ਸਿਲਕਿਆਰਾ ਸੁਰੰਗ ਦੇ ਮਲਬੇ ਨੂੰ ਕੱਢਣ ‘ਚ ਸਫਲ ਹੋਣ ‘ਚ ਸਿਰਫ ਪੰਜ ਮੀਟਰ ਬਚੇ ਹਨ, ਜਿਸ ਕਾਰਨ ਅੰਦਰ ਫਸੇ ਮਜ਼ਦੂਰਾਂ ਨੂੰ ਸੁਰੰਗ ‘ਚੋਂ ਬਾਹਰ ਕੱਢਣ ਮਗਰੋਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮਜ਼ਦੂਰਾਂ ਦੇ ਬਾਹਰ ਆਉਂਦੇ ਹੀ ਉਨ੍ਹਾਂ ਨੂੰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਲਈ ਘਟਨਾ ਵਾਲੀ ਥਾਂ ਤੋਂ 30 ਕਿਲੋਮੀਟਰ ਦੂਰ ਚਿਨਿਆਲੀਸੌਰ ਕਮਿਊਨਿਟੀ ਹੈਲਥ ਸੈਂਟਰ ਵਿਖੇ 41 ਬਿਸਤਰਿਆਂ ਦਾ ਹਸਪਤਾਲ ਤਿਆਰ ਕੀਤਾ ਗਿਆ ਹੈ।
ਸੁਰੰਗ ਦੇ ਬਾਹਰ ਸੜਕ ਜੋ ਪਿਛਲੇ ਪੰਦਰਵਾੜੇ ਤੋਂ ਭਾਰੀ ਵਾਹਨਾਂ ਦੀ ਲਗਾਤਾਰ ਆਵਾਜਾਈ ਕਾਰਨ ਖਸਤਾ ਹੋ ਗਈ ਸੀ, ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਐਂਬੂਲੈਂਸਾਂ ਦੀ ਸੁਚਾਰੂ ਆਵਾਜਾਈ ਲਈ ਮਿੱਟੀ ਦੀ ਨਵੀਂ ਪਰਤ ਵਿਛਾਈ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸੁਰੰਗ ਦੇ ਬਾਹਰ ਸੁਰੱਖਿਆ ਕਰਮੀਆਂ ਨੂੰ ਹਦਾਇਤ ਕੀਤੀ ਕਿ ਜਿਵੇਂ ਹੀ ਮਜ਼ਦੂਰ ਉਨ੍ਹਾਂ ਲਈ ਤਿਆਰ ਕੀਤੇ ਜਾ ਰਹੇ ਨਿਕਾਸੀ ਰੂਟ ਤੋਂ ਬਾਹਰ ਆਉਣ ਲੱਗੇ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਦਸਿਆ ਕਿ ਸਿਲਕਿਆਰਾ ਸੁਰੰਗ ‘ਚ ਮਲਬੇ ਰਾਹੀਂ 52 ਮੀਟਰ ਪਾਈਪ ਪਾਈ ਗਈ ਹੈ। ਉਥੇ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 17ਵੇਂ ਦਿਨ ਵੀ ਜਾਰੀ ਹਨ। ਉਨ੍ਹਾਂ ਸਿਲਕਿਆਰਾ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਮਲਬੇ ਵਿਚ 57 ਮੀਟਰ ਦੀ ਡੂੰਘਾਈ ਤਕ ਪਹੁੰਚਣ ਤੋਂ ਬਾਅਦ ਸਫਲਤਾ ਮਿਲੇਗੀ।
ਬਚਾਅ ਕਰਮੀਆਂ ਨੂੰ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚੂਹਾ-ਮੋਰੀ ਮਾਈਨਿੰਗ ਤਕਨੀਕਾਂ ਦੀ ਵਰਤੋਂ ਕਰਕੇ ਮਲਬੇ ਨੂੰ ਬਾਹਰ ਕੱਢਣਾ ਹੋਵੇਗਾ। ਇਹ ਡਰਿਲਿੰਗ ਪਹਿਲਾਂ ਇਕ ਵੱਡੀ ਔਜਰ ਮਸ਼ੀਨ ਨਾਲ ਕੀਤੀ ਗਈ ਸੀ ਜੋ ਸ਼ੁਕਰਵਾਰ ਨੂੰ ਕਰੀਬ 47 ਮੀਟਰ ਹੇਠਾਂ ਮਲਬੇ ਵਿਚ ਫਸ ਗਈ ਸੀ।
ਕੁਸ਼ਲ ਕਾਮਿਆਂ ਦੀ ਇਕ ਟੀਮ ਨੇ ਸੋਮਵਾਰ ਨੂੰ ‘ਰੈਟ-ਹੋਲ’ ਮਾਈਨਿੰਗ ਤਕਨੀਕ ਦੀ ਵਰਤੋਂ ਕਰਦੇ ਹੋਏ ਮਲਬੇ ਨੂੰ ਹੱਥਾਂ ਨਾਲ ਹਟਾਉਣਾ ਸ਼ੁਰੂ ਕੀਤਾ, ਜਦਕਿ 800 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਨੂੰ ਇਕ ਔਜਰ ਮਸ਼ੀਨ ਦੁਆਰਾ ਮਲਬੇ ਵਿਚੋਂ ਧੱਕਿਆ ਜਾ ਰਿਹਾ ਹੈ।