ਜ਼ਿਲਾ ਚੋਣ ਅਫਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ

ਫਾਜ਼ਿਲਕਾ , 20 ਮਾਰਚ | ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਆਈਏਐਸ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਉਹਨਾਂ ਨੂੰ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਲਾਗੂ ਆਦਰਸ ਚੋਣ ਜਾਬਤੇ ਤੋਂ ਜਾਣੂ ਕਰਵਾਇਆ। ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਆਦਰਸ ਚੋਣ ਜਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਿਫੇਸਮੈਂਟ ਆਫ ਪ੍ਰੋਪਰਟੀ ਐਕਟ ਤਹਿਤ ਕਿਸੇ ਵੀ ਸਰਕਾਰੀ ਸੰਪੱਤੀ ਤੇ ਕੋਈ ਵੀ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਜਦਕਿ ਕਿਸੇ ਦੇ ਨਿੱਜੀ ਸੰਪੱਤੀ ਤੇ ਵੀ ਇਸ਼ਤਿਹਾਰ ਲਾਉਣ ਤੋਂ ਪਹਿਲਾਂ ਸਬੰਧਤ ਦੀ ਸਹਿਮਤੀ ਲੈਣੀ ਲਾਜ਼ਮੀ ਹੈ । ਇਸੇ ਤਰ੍ਹਾਂ ਉਹਨਾਂ ਨੇ ਹਦਾਇਤ ਕੀਤੀ ਕਿ ਚੋਣਾਂ ਸਬੰਧੀ ਛਪਣ ਵਾਲੇ ਪੈਂਫਲਟ, ਪੋਸਟਰ, ਬੈਨਰ ਆਦਿ ਤੇ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਂ ਲਿਖਿਆ ਹੋਣਾ ਲਾਜ਼ਮੀ ਹੈ । ਉਹਨਾਂ ਨੇ ਦੱਸਿਆ ਕਿ ਜ਼ਿਲਾ ਚੋਣ ਦਫਤਰ ਵਿਖੇ ਇੱਕ ਕੰਪਲੇਂਟ ਸੈਲ ਸਥਾਪਿਤ ਕਰ ਦਿੱਤਾ ਗਿਆ ਹੈ ਜਿਸ ਦਾ ਫੋਨ ਨੰਬਰ 1950 ਹੈ । ਇਸ ਤੋਂ ਬਿਨਾਂ ਸੀ ਵਿਜਲ ਐਪ ਦੇ ਰਾਹੀਂ ਵੀ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਿਆਸੀ ਪਾਰਟੀਆਂ ਨੂੰ ਆਦਰਸ ਚੋਣ ਜਾਬਤੇ ਅਤੇ ਖਰਚੇ ਸਬੰਧੀ ਸਾਰੇ ਕੰਪੈਡੀਅਮ ਦੀਆਂ ਕਾਪੀਆਂ ਦਿੱਤੀਆਂ ਗਈਆਂ। ਉਹਨਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਭੱਦੀ ਸ਼ਬਦਾਵਲੀ ਦੀ ਵਰਤੋਂ ਨਾ ਕਰਨ ਅਤੇ ਸਾਰੇ ਨਿਯਮਾਂ ਦਾ ਪਾਲਣ ਕਰਨ।ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁੰਮਾਇਦਿਆਂ ਨੂੰ ਦੱਸਿਆ ਕਿ ਚੋਣ ਕਮਿਸ਼ਨ ਸਬੰਧੀ ਸਾਰੀਆਂ ਹਦਾਇਤਾਂ ਜ਼ਿਲ੍ਹੇ ਦੀ ਵੈਬਸਾਇਟ ਤੇ ਵੀ ਅਪਲੋਡ ਕਰ ਦਿੱਤੀਆਂ ਗਈਆਂ ਹਨ ਜਿੱਥੋਂ ਕੋਈ ਵੀ ਇੰਨ੍ਹਾਂ ਨੂੰ ਵੇਖ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਅਗਾਊ ਪ੍ਰਵਾਣਗੀ ਤੋਂ ਬਿਨਾਂ ਕੋਈ ਵੀ ਸਿਆਸੀ ਰੈਲੀ ਜਾਂ ਸਭਾ ਨਹੀਂ ਕੀਤੀ ਜਾ ਸਕੇਗੀ ਅਤੇ ਲਾਊਡ ਸਪੀਕਰ ਲਈ ਵੀ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਇਸ ਮੌਕੇ ਉਹਨਾਂ ਨੂੰ ਸੁਵਿਧਾ ਪੋਰਟਲ ਰਾਹੀਂ ਕਿਵੇਂ ਪ੍ਰਵਾਣਗੀਆਂ ਲੈਣੀਆਂ ਹਨ ਇਸ ਸਬੰਧੀ ਵੀ ਡੈਮੋ ਦੇ ਕੇ ਟ੍ਰੇਨਿੰਗ ਦਿੱਤੀ ਗਈ। ਇਸ ਤੋਂ ਬਿਨਾਂ ਚੋਣ ਖਰਚਿਆਂ ਸਬੰਧੀ ਵੀ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਜਾਣਕਾਰੀ ਦਿੱਤੀ ਗਈ ਕਿ ਕਿਹੜੇ ਕਿਹੜੇ ਖਰਚੇ ਬੁੱਕ ਹੋਣਗੇ ।
ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਮੁੱਲ ਦੀਆਂ ਖਬਰਾਂ ਅਤੇ ਸਿਆਸੀ ਇਸ਼ਤਿਹਾਰਬਾਜ਼ੀ ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਰਹੇਗੀ।ਇਸ ਲਈ ਜ਼ਿਲ੍ਹਾ ਪੱਧਰ ਤੇ ਮੀਡੀਆ ਸਰਟੀਫਿਕੇਸ਼ਨ ਅਤੇ ਮੋਨਟਰਿੰਗ ਟੀਮ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਇਸ ਟੀਮ ਵੱਲੋਂ ਨਜਰਸਾਨੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਪੇਡ ਨਿਊਜ਼ ਛਪਵਾਈ ਤਾਂ ਉਸ ਦਾ ਖਰਚਾ ਉਮੀਦਵਾਰ ਦੇ ਖਰਚੇ ਵਿੱਚ ਜੋੜਿਆ ਜਾਵੇਗਾ। ਇਸੇ ਤਰਾਂ ਉਹਨਾਂ ਨੇ ਕਿਹਾ ਕਿ ਇਲੈਕਟਰੋਨਿਕ ਮੀਡੀਆ ਸਮੇਤ ਈ ਪੇਪਰ ਅਤੇ ਸੋਸ਼ਲ ਮੀਡੀਆ ਤੇ ਕੋਈ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਉਸ ਦੀ ਪ੍ਰੀ ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ । ਉਨਾਂ ਨੇ ਆਖਿਆ ਕਿ ਇਸ਼ਤਿਹਾਰਬਾਜ਼ੀ ਤੇ ਕੀਤਾ ਜਾਣ ਵਾਲਾ ਖਰਚ ਵੀ ਉਮੀਦਵਾਰਾਂ ਦੇ ਚੋਣ ਖਰਚ ਵਿੱਚ ਜੋੜਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇੱਕ ਉਮੀਦਵਾਰ ਲਈ 95 ਲੱਖ ਤੱਕ ਦੇ ਚੋਣ ਖਰਚ ਦੀ ਆਗਿਆ ਹੈ।
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਿੰਦਰ ਸਿੰਘ ਐਸਡੀਐਮ ਫਾਜ਼ਿਲਕਾ ਸ੍ਰੀ ਵਿਪਨ ਕੁਮਾਰ, ਐਸਡੀਐਮ ਜਲਾਲਾਬਾਦ ਸ੍ਰੀ ਬਲਕਰਨ ਸਿੰਘ, ਐਸਡੀਐਮ ਅਬੋਹਰ ਸ਼੍ਰੀ ਪੰਕਜ ਬੰਸਲ, ਐਮਸੀ ਸੀ ਦੇ ਨੋਡਲ ਅਫਸਰ ਅਸ਼ੋਕ ਕੁਮਾਰ, ਡੀਟੀਸੀ ਮਨੀਸ਼ ਕੁਮਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

About The Author

You may have missed