ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੀਟਿੰਗ ਕਰਦੇ ਹੋਏ
ਪਟਿਆਲਾ , 7 ਜੂਨ | ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਅਧੀਨ ਆਉਂਦੇ ਵਿਭਾਗੀ ਢਾਂਚਿਆਂ, ਖੰਭਿਆਂ, ਇਮਾਰਤਾਂ, ਸੁੱਕੇ ਦਰਖ਼ਤਾਂ ਆਦਿ ਦਾ ਨਿਰੀਖਣ ਕਰਕੇ ਇਨ੍ਹਾਂ ਦੇ ਸੁਰੱਖਿਅਤ ਹੋਣ ਦਾ ਸਰਟੀਫਿਕੇਟ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾਉਣ।
ਅੱਜ ਇੱਥੇ ਇੱਕ ਅਹਿਮ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰੀ ਮਸ਼ੀਨਰੀ ਦਾ ਮੁਢਲਾ ਫ਼ਰਜ ਬਣਦਾ ਹੈ ਇਸ ਲਈ ਹਰੇਕ ਵਿਭਾਗੀ ਮੁਖੀ ਇਹ ਯਕੀਨੀ ਬਣਾਏ ਕਿ ਉਸ ਦੇ ਅਧੀਨ ਕਿਸੇ ਇਮਾਰਤ, ਸੜਕ ਜਾਂ ਥਾਂ ਵਿਖੇ ਕੋਈ ਅਜਿਹਾ ਖੰਭਾ, ਦਰਖ਼ਤ, ਲੋਹੇ ਜਾਂ ਕਿਸੇ ਇਮਾਰਤ ਦਾ ਢਾਂਚਾ ਨਾ ਹੋਵੇ ਜੋ ਕਿ ਆਉਣ ਵਾਲੇ ਸਮੇਂ ਵਿੱਚ ਬਰਸਾਤ ਜਾਂ ਤੇਜ ਹਨੇਰੀ ਝੱਖੜ ਕਰਕੇ ਢਿੱਗਣ ਨਾਲ ਆਮ ਲੋਕਾਂ ਦੀ ਜਾਨ ਨੂੰ ਖ਼ਤਰਾ ਬਣ ਸਕਦਾ ਹੋਵੇ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਨਗਰ ਨਿਗਮ, ਇੰਪਰੂਵਮੈਂਟ ਟਰਸਟ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ, ਪੰਜਾਬ ਰਾਜ ਬਿਜਲੀ ਨਿਗਮ, ਪੀ.ਆਰ.ਟੀ.ਸੀ., ਲੋਕ ਨਿਰਮਾਣ, ਨੈਸ਼ਨਲ ਹਾਈਵੇ ਅਥਾਰਟੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮੰਡੀ ਬੋਰਡ, ਸਿਹਤ ਵਿਭਾਗ, ਸਕੂਲ, ਜੰਗਲਾਤ ਵਿਭਾਗ ਸਮੇਤ ਰੇਲਵੇ ਅਤੇ ਹੋਰ ਵੀ ਅਜਿਹੇ ਸਰਕਾਰੀ ਅਦਾਰੇ ਆਪਣੇ ਯੂਨੀਪੋਲਜ਼, ਦਰਖ਼ਤਾਂ, ਖੰਭਿਆਂ ਤੇ ਇਮਾਰਤਾਂ ਦੀ ਸੁਰੱਖਿਆ ਬਾਰੇ ਇਹ ਯਕੀਨੀ ਬਣਾਉਣਗੇ ਕਿ ਇਹ ਕਿਸੇ ਨਾਗਰਿਕ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਬਣਨਗੇ।
ਮੀਟਿੰਗ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ, ਏ.ਡੀ.ਸੀ. ਜਨਰਲ ਕੰਚਨ, ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਸਮੇਤ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।