ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਦਾ ਮਾਣ ਵਧਾਉਣ ਲਈ ਪੈਰਾ ਟੀਟੀ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਦੀ ਸ਼ਲਾਘਾ

ਲੁਧਿਆਣਾ , 29 ਮਾਰਚ | ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਸ਼ਾਮ ਨਗਰ ਦੇ ਪੈਰਾ ਟੇਬਲ ਟੈਨਿਸ ਅੰਤਰਰਾਸ਼ਟਰੀ ਖਿਡਾਰੀ ਸ਼ੁਭਮ ਵਧਵਾ ਦੀ ਖੇਡ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਦੇਸ਼ ਅਤੇ ਪੰਜਾਬ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਸ਼ਲਾਘਾ ਕੀਤੀ।

ਸ਼ੁਭਮ ਵਧਵਾ ਨੇ ਅਲਟੀਮੇਟ ਟੇਬਲ ਟੈਨਿਸ (ਯੂ.ਟੀ.ਟੀ.) ਪੈਰਾ ਟੇਬਲ ਟੈਨਿਸ ਨੈਸ਼ਨਲ ਚੈਂਪੀਅਨਸ਼ਿਪ 2023-24 ਵਿੱਚ ਮਿਕਸਡ ਡਬਲਜ਼, ਪੁਰਸ਼ ਡਬਲਜ਼ ਅਤੇ ਪੁਰਸ਼ ਸਿੰਗਲ ਕਲਾਸ-3 ਵਰਗ ਵਿੱਚ ਤਿੰਨ ਸੋਨ ਤਗਮੇ ਜਿੱਤੇ ਹਨ। ਉਨ੍ਹਾਂ ਵੱਖ-ਵੱਖ ਅੰਤਰਰਾਸ਼ਟਰੀ ਪੈਰਾ ਟੇਬਲ ਟੈਨਿਸ ਚੈਂਪੀਅਨਸ਼ਿਪਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਦੇ ਹੋਏ ਤਗਮੇ ਵੀ ਜਿੱਤੇ ਹਨ।

ਖੰਨਾ ਦੇ ਐਸ.ਐਸ.ਪੀ. ਅਮਨੀਤ ਕੋਂਡਲ ਦੇ ਨਾਲ ਡਿਪਟੀ ਕਮਿਸ਼ਨਰ ਨੇ ਸ਼ੁਭਮ ਨੂੰ ਆਪਣੇ ਦਫ਼ਤਰ ਵਿੱਚ ਵਧਾਈ ਦਿੰਦਿਆਂ ਕਿਹਾ ਕਿ ਸ਼ੁਭਮ ਨੇ ਆਪਣੇ ਯਾਦਗਾਰੀ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਪੈਰਾਲੰਪਿਕ-2024 ਵਿੱਚ ਕੁਆਲੀਫਾਈ ਕਰਨ ਲਈ ਉਸ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।

ਡਿਪਟੀ ਕਮਿਸ਼ਨਰ ਸਾਹਨੀ ਨੇ ਸ਼ੁਭਮ ਨੂੰ ਹਰ ਸੰਭਵ ਮਦਦ ਦੀ ਪੇਸ਼ਕਸ਼ ਵੀ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਨੇ ਦਿਵਿਆਂਗ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਉਸਨੂੰ ਦਿਵਿਆਂਗ ਜ਼ਿਲ੍ਹਾ ਆਈਕਨ ਵਜੋਂ ਨਿਯੁਕਤ ਕੀਤਾ ਹੈ।

ਸ਼ੁਭਮ ਨੇ ਵਡਮੁੱਲੇ ਸਨਮਾਨ ਲਈ ਡਿਪਟੀ ਕਮਿਸ਼ਨਰ ਦਾ ਦਿਲੋਂ ਧੰਨਵਾਦ ਕੀਤਾ।

About The Author

You may have missed