ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣ ਦੀ ਅਪੀਲ

ਲੁਧਿਆਣਾ , 12 ਅਪ੍ਰੈਲ | ਸਥਾਨਕ ਸਰਾਭਾ ਨਗਰ ਵਿਖੇ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਹੋਮ ਵਿਖੇ ਭਾਰਤੀ ਰੈੱਡ ਕਰਾਸ ਸੋਸਾਇਟੀ ਵੱਲੋਂ ਕਰਵਾਏ ਗਏ ਵਿਸਾਖੀ ਦੇ ਜਸ਼ਨ-ਕਮ-ਵੋਟਰ ਜਾਗਰੂਕਤਾ ਪ੍ਰੋਗਰਾਮ ਵਿੱਚ ਹਿੱਸਾ ਲੈਂਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਵੋਟ ਪਾਉਣ ਲਈ ਅੱਗੇ ਆਉਣ।

ਇਸ ਸਮਾਗਮ ਦਾ ਆਯੋਜਨ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੀਤਾ ਗਿਆ ਸੀ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ, ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ, ਰੈੱਡ ਕਰਾਸ ਸੁਸਾਇਟੀ ਲੁਧਿਆਣਾ ਸ਼ਾਖਾ ਦੇ ਸਕੱਤਰ ਨਵਨੀਤ ਜੋਸ਼ੀ ਵੀ ਹਾਜ਼ਰ ਸਨ। ਦਿਵਿਆਂਗ ਵੋਟਰਾਂ ਲਈ ਜ਼ਿਲ੍ਹਾ ਆਈਕਨ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰੀ ਅਸ਼ਵਨੀ ਕੁਮਾਰ ਅਤੇ ਅੰਤਰਰਾਸ਼ਟਰੀ ਪੈਰਾ-ਟੇਬਲ ਟੈਨਿਸ ਖਿਡਾਰੀ ਸ਼ੁਭਮ ਵਧਵਾ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਵਸਨੀਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਅਤੇ ਰੈੱਡ ਕਰਾਸ ਬਾਲ ਭਵਨ, ਸਰਕਾਰੀ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਦਿ ਦੇ ਵਿਦਿਆਰਥੀਆਂ ਨੇ ‘ਗਿੱਧਾ’ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਅਤੇ ਭਾਈਵਾਲਾਂ ਨੂੰ ਮਜ਼ਬੂਤ ਲੋਕਤੰਤਰ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ‘ਨੁੱਕੜ ਨਾਟਕ’ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਮਾਰਸ਼ਲ ਏਡ ਫਾਊਂਡੇਸ਼ਨ, ਰਹਿਰਾਸ ਸੇਵਾ ਸੁਸਾਇਟੀ ਆਦਿ ਸਮੇਤ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਸਮਾਗਮ ਦੌਰਾਨ, ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਭਾਈਵਾਲਾਂ ਨੂੰ ਆਪਣੇ ‘ਵੋਟ ਦੇ ਅਧਿਕਾਰ’ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ‘ਜਮਹੂਰੀਅਤ ਦੇ ਤਿਉਹਾਰ’ ਵਿੱਚ ਹਿੱਸਾ ਲੈ ਕੇ ਦੇਸ਼ ਵਾਸੀ ਨਾ ਸਿਰਫ਼ ਆਪਣੀ ਬਿਹਤਰੀ ਲਈ ਕੰਮ ਕਰ ਸਕਦੇ ਹਨ, ਸਗੋਂ ਉਹ ਪੀੜ੍ਹੀ ਦਰ ਪੀੜ੍ਹੀ ਪ੍ਰਫੁੱਲਤ ਹੋਣ ਦੀ ਨੀਂਹ ਵੀ ਬਣਾਉਣਗੇ।

ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਉਦੇਸ਼ ਲੋਕ ਸਭਾ ਚੋਣਾਂ-2024 ਦੌਰਾਨ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ ਦੌਰਾਨ 70 ਫੀਸਦ (ਇਸ ਵਾਰ, 70 ਪਾਰ) ਤੋਂ ਵੱਧ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ।

ਨਵੇਂਂ ਯੋਗ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸ਼ਟਰ ਕਰਵਾਉਣ ਲਈ ‘ਵੋਟਰ ਹੈਲਪਲਾਈਨ’ ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਦੀ ਵਰਤੋਂ ਕਰ ਸਕਦੇ ਹਨ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਨਿਵਾਸੀ www.nvsp.in ‘ਤੇ ਵੀ ਜਾ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਪੋਲਿੰਗ ਵਾਲੇ ਦਿਨ (1 ਜੂਨ) ਨੂੰ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

About The Author